ਜਗਮਨ ਦੀ ਗ੍ਰਿਫ਼ਤਾਰੀ ਲਈ ਲੁੱਕ-ਆਊਟ ਨੋਟਿਸ ਜਾਰੀ
ਫਰੀਦਕੋਟ ਪੁਲੀਸ ਵੱਲੋਂ ਕੈਨੇਡਿਆੲੀ ਨਾਗਰਿਕ ਨੂੰ ਭਗੌੜਾ ਐਲਾਨਣ ਦੀ ਕਾਰਵਾੲੀ ਸ਼ੁਰੂ
ਇਥੋਂ ਦੀ ਪੁਲੀਸ ਨੇ ਕੈਨੇਡਾ ਦੇ ਨਾਗਰਿਕ ਜਗਮਨਦੀਪ ਸਿੰਘ ਸਮਰਾ ਨੂੰ ਗ੍ਰਿਫ਼ਤਾਰ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਹਵਾਈ ਅੱਡਿਆਂ ਨੂੰ ਲੁੱਕ-ਆਊਟ ਸਰਕੁਲਰ ਜਾਰੀ ਕੀਤਾ ਹੈ। ਸੂਚਨਾ ਅਨੁਸਾਰ ਜਗਮਨ ਸਮਰਾ ਸੰਗਰੂਰ ਦੇ ਪਿੰਡ ਫੱਗੂਵਾਲਾ ਦਾ ਰਹਿਣ ਵਾਲਾ ਹੈ ਅਤੇ ਬਾਅਦ ਵਿੱਚ ਉਸ ਨੇ ਕੈਨੇਡਾ ਜਾ ਕੇ ਉੱਥੋਂ ਦੀ ਨਾਗਰਿਕਤਾ ਲੈ ਲਈ ਸੀ। ਤਲਵੰਡੀ ਭਾਈ ਪੁਲੀਸ ਨੇ ਜਗਮਨਦੀਪ ਸਿੰਘ ਨੂੰ ਧੋਖਾਧੜੀ ਮਾਮਲੇ ਵਿੱਚ 2020 ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਹ ਪੰਜਾਬ ਆਇਆ ਹੋਇਆ ਸੀ। ਉਸ ਨੂੰ ਫਰੀਦਕੋਟ ਜੇਲ੍ਹ ਭੇਜਿਆ ਗਿਆ। ਬਿਮਾਰ ਹੋਣ ’ਤੇ ਜਦੋਂ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਇਲਾਜ ਲਈ ਪਹਿਲੀ ਫਰਵਰੀ 2022 ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿੱਚ ਦਾਖ਼ਲ ਕਰਵਾਇਆ ਤਾਂ ਉਹ ਫ਼ਰਾਰ ਹੋ ਗਿਆ।
ਇਸ ਮਗਰੋਂ ਉਹ ਨੇਪਾਲ ਹੁੰਦਾ ਹੋਇਆ ਕੈਨੇਡਾ ਚਲਾ ਗਿਆ। ਇਸ ਮਾਮਲੇ ਵਿੱਚ ਪੁਲੀਸ ਨੇ ਜਗਮਨਦੀਪ ਸਿੰਘ ਤੇ ਅਣਗਹਿਲੀ ਵਰਤਣ ਵਾਲੇ ਤਿੰਨ ਜੇਲ੍ਹ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਅਦਾਲਤ ਵਿੱਚ ਜੇਲ੍ਹ ਅਧਿਕਾਰੀ ਹਰਕਵੀਰ ਸਿੰਘ, ਅਮਨਦੀਪ ਸਿੰਘ, ਮੁੱਖਪਾਲ ਸਿੰਘ ਅਤੇ ਅਮਨਦੀਪ ਸਿੰਘ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਕਿਹਾ ਕਿ ਜਗਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਲੁੱਕ-ਆਊਟ ਸਰਕੁਲਰ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਚਾਰ ਫ਼ੌਜਦਾਰੀ ਕੇਸ ਦਰਜ ਹਨ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਫ਼ਰਜ਼ੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਅਪਲੋਡ ਕਰਨ ਮਗਰੋਂ ਜਗਮਨ ਸਮਰਾ ਚਰਚਾ ਵਿੱਚ ਆਇਆ ਸੀ।
ਫੱਗੂਵਾਲਾ ਵਿੱਚ ਤਿੰਨ ਨੌਜਵਾਨਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੋਂ ਨੇੜਲੇ ਪਿੰਡ ਫੱਗੂਵਾਲਾ ਦੇ ਤਿੰਨ ਨੌਜਵਾਨਾਂ ਨੂੰ ਮੂਨਕ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਖ਼ਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਨੇ ਦੋਸ਼ ਲਾਇਆ ਕਿ ਪਿੰਡ ਫੱਗੂਵਾਲਾ ਦੇ ਕੈਨੇਡਿਆਈ ਨਾਗਰਿਕ ਜਗਮਨ ਸਮਰਾ ਵੱਲੋਂ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਤੋਂ ਘਬਰਾਈ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਪੁਲੀਸ ਨੇ ਪਿੰਡ ਦੇ ਤਿੰਨ ਨੌਜਵਾਨਾਂ ਰਵੀਇੰਦਰ ਸਿੰਘ ਰਵੀ, ਰੁਪਿੰਦਰ ਸਿੰਘ ਰੋਮੀ ਅਤੇ ਜਸਵਿੰਦਰ ਸਿੰਘ ਜੱਸੀ ਨੂੰ ਝੂਠੇ ਪਰਚੇ ਤਹਿਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਨੌਜਵਾਨਾਂ ਦਾ ਜਗਮਨ ਸਮਰਾ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਰਿਹਾਅ ਨਾ ਕੀਤੇ ਜਾਣ ਖ਼ਿਲਾਫ਼ ਚਿਤਾਵਨੀ ਦਿੱਤੀ। ਬਾਅਦ ਵਿਚ ਪਿੰਡ ਵਾਸੀਆਂ ਦਾ ਵਫ਼ਦ ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੂੰ ਵੀ ਮਿਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਪੁਰਾਣੇ ਕੇਸ ਵਿੱਚ ਮੂਨਕ ਪੁਲੀਸ ਵੱਲੋਂ ਇਹ ਗ੍ਰਿਫ਼ਤਾਰੀ ਕੀਤੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਸੂਬਾ ਆਗੂ ਪ੍ਰਕਾਸ਼ ਚੰਦ ਗਰਗ ਨੇ ਵੀ ਪਿੰਡ ਫੱਗੂਵਾਲਾ ਦੇ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ।

