ੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਚਾਰ ਰੋਜ਼ਾ ਸਾਹਿਤ ਉਤਸਵ-2025 ਅਤੇ ਪੁਸਤਕ ਮੇਲਾ ਅੱਜ ਤੋਂ ਪੰਜਾਬੀ ਭਵਨ ਵਿੱਚ ਸ਼ੁਰੂ ਹੋ ਗਿਆ। ਇਸ ਦਾ ਉਦਘਾਟਨ ਅਕਾਦਮੀ ਦੇ ਸਾਬਕਾ ਪ੍ਰਧਾਨ ਤੇ ਅਰਥ-ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤਾ। ਮੁੱਖ ਬੁਲਾਰੇ ਵਜੋਂ ਸਾਬਕਾ ਆਈ ਏ ਐੱਸ ਅਧਿਕਾਰੀ ਜੰਗ ਬਹਾਦਰ ਗੋਇਲ ਨੇ ਸ਼ਿਰਕਤ ਕੀਤੀ।
ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਸਮਾਗਮ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੀ ਤਰੀਕ ਐਲਾਨੇ ਜਾਣ ਦੀ ਮੰਗ ਸਬੰਧੀ ਮਤਾ ਵੀ ਪਾਸ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਸਵਰਨ ਸਿੰਘ ਵਿਰਕ, ਹਰਦੇਵ ਸਿੰਘ ਵਿਰਕ ਐਡਮਿੰਟਨ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ। ਪਹਿਲੇ ਸੈਸ਼ਨ ਦੇ ਮੁੱਖ ਬੁਲਾਰੇ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਕਿਤਾਬਾਂ ਬੰਦੇ ਦੀ ਸੋਚ ਬਦਲਣ ਦੀ ਤਾਕਤ ਰੱਖਦੀਆਂ ਹਨ।
ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਕਿਤਾਬਾਂ ਜਿਨ੍ਹਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ, ਉਹ ਇਨ੍ਹਾਂ ਨੂੰ ਪੜ੍ਹਦੇ ਨਹੀਂ ਤਾਂ ਹੀ ਸਮਾਜ ਵਿੱਚ ਬਦਲਾਅ ਨਹੀਂ ਆਉਂਦਾ। ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਪ੍ਰੋ. ਕ੍ਰਿਸ਼ਨ ਸਿੰਘ ਰਚਨਾਵਲੀ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ 17 ਪੁਸਤਕਾਂ ਵਿੱਚੋਂ ਦਸ ਅੱਜ ਲੋਕ ਅਰਪਣ ਕੀਤੀਆਂ ਗਈਆਂ ਹਨ। ਦੂਜੇ ਸੈਸ਼ਨ ਦੀ ਪ੍ਰਧਾਨਗੀ ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਨਿਰਮਲ ਜੌੜਾ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਜਨਮੇਜਾ ਸਿੰਘ ਜੌਹਲ ਆਦਿ ਹਾਜ਼ਰ ਸਨ। ਪੁਸਤਕ ਮੇਲੇ ਵਿੱਚ ਪ੍ਰਕਾਸ਼ਕਾਂ ਨੇ ਦਰਜਨਾਂ ਸਟਾਲ ਲਾਏ। ਇਸ ਮੌਕੇ ਪਰਮਜੀਤ ਸੋਹਲ ਨੇ ਫੋਟੋ ਪ੍ਰਦਰਸ਼ਨੀ ਵੀ ਲਾਈ।

