ਸਰਕਾਰੀ ਸਮਾਗਮ ਮਗਰੋਂ ਨੇਤਾ ਤੇ ਅਧਿਕਾਰੀ ਚਲਦੇ ਬਣੇ; ਅਧਿਆਪਕਾਂ ਦੀਆਂ ਬੱਸਾਂ ਚਿੱਕੜ ’ਚ ਫਸੀਆਂ
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ "ਯੁੱਧ ਨਸ਼ਿਆਂ ਵਿਰੁੱਧ" ਨੂੰ ਰਾਜ ਦੇ ਸਕੂਲਾਂ ਵਿੱਚ 'ਨਸ਼ਾ ਰੋਕਥਾਮ ਪਾਠਕ੍ਰਮ' ਰਸਮੀ ਤੌਰ ’ਤੇ ਸ਼ੁਰੂ ਕਰਨ ਲਈ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਤੋਂ ਸੂਬਾ ਪੱਧਰੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਛੇ ਜ਼ਿਲ੍ਹਿਆਂ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਰੀਦਕੋਟ, ਮੋਗਾ ਅਤੇ ਬਠਿੰਡਾ ’ਚੋਂ 4 ਹਜ਼ਾਰ ਦੇ ਕਰੀਬ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ ਗਈ ਸੀ। ਮੁੱਖ ਮੰਤਰੀ ਦੇ ਪਹੁੰਚਣ ’ਤੇ ਪ੍ਰੋਗਰਾਮ 12.30 ਕੁ ਵਜੇ ਸ਼ੁਰੂ ਹੋਇਆ ਅਤੇ 2 ਵਜੇ ਖਤਮ ਹੋ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਨਸ਼ਾ ਨਾ ਕਰਨ ਦੀ ਸਹੁੰ ਮੁੱਖ ਮੰਤਰੀ ਵੱਲੋਂ ਚੁਕਈ ਗਈ । ਸ਼ਾਇਦ ਸਰਕਾਰੀ ਸਮਾਗਮ 'ਚ ਪਹੁੰਚੇ ਅਧਿਆਪਕਾਂ ਨੂੰ ਇਹ ਚੇਤਾ ਵੀ ਨਾ ਹੋਵੇ, ਕਿ ਸਮਾਗਮ ਖਤਮ ਹੋਣ ਤੋਂ ਬਾਅਦ ਜਦੋਂ ਉਹ ਮੁਸੀਬਤ ਵਿੱਚ ਫਸ ਜਾਣਗੇ ਤਾਂ ਉਨ੍ਹਾਂ ਦੇ ਜ਼ਿਲ੍ਹਾ ਅਧਿਕਾਰੀਆਂ ਤੋਂ ਲੈ ਕੇ ਕੋਈ ਵੀ ਸਿਵਲ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਤੱਕ ਨਹੀਂ ਆਵੇਗਾ। ਸਮਾਗਮ ਖਤਮ ਹੋਣ ਤੋਂ ਤੁਰੰਤ ਬਾਅਦ ਭਾਰੀ ਬਾਰਿਸ਼ ਸ਼ੁਰੂ ਹੋ ਗਈ ਅਤੇ ਪੰਡਾਲ ਤੋਂ ਇਲਾਵਾ ਸੜਕਾਂ ਅਤੇ ਪਾਰਕਿੰਗ ਪਾਣੀ ਨਾਲ ਜਲਥਲ ਹੋ ਗਈਆਂ। ਇਸ ਮੌਕੇ ਸਰਕਾਰੀ ਬੱਸਾਂ ’ਤੇ ਆਏ ਅਧਿਆਪਕ ਮੀਂਹ ਵਿੱਚ ਭਿੱਜਦੇ ਰਹੇ ਅਤੇ ਬੱਸਾਂ ਪਾਣੀ ਵਿੱਚ ਫਸ ਗਈਆਂ। ਬੁਰੀ ਤਰ੍ਹਾਂ ਮੀਂਹ ਵਿੱਚ ਘਿਰੇ ਅਧਿਆਪਕ ਅਤੇ ਫਸੀਆਂ ਬੱਸਾਂ ਨੂੰ ਕੱਢਣ ਲਈ ਉਹ ਆਪਣੇ ਸਿੱਖਿਆ ਅਧਿਕਾਰੀਆਂ ਨੂੰ ਫੋਨ ਕਰਦੇ ਰਹੇ, ਪਰ ਉਨ੍ਹਾਂ ਨੇ ਕੋਈ ਹੱਲ ਨਹੀਂ ਕੀਤਾ। ਮੁਸੀਬਤ ਵਿੱਚ ਫਸੇ ਅਧਿਆਪਕ ਅਸ਼ੋਕ ਕੁਮਾਰ, ਸੁਰਿੰਦਰ ਕੰਬੋਜ, ਰੇਸ਼ਮ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਸਮਾਗਮ ਵਿੱਚ ਪਹੁੰਚੇ ਹੋਏ ਸਨ ਅਤੇ ਭਾਰੀ ਮੀਂਹ ਪੈਣ ਕਾਰਨ ਉਨ੍ਹਾਂ ਦੀਆਂ ਸਰਕਾਰੀ ਬੱਸਾਂ ਖੁੱਭ ਚੁੱਕੀਆਂ ਹਨ, ਪਰ ਉਨ੍ਹਾਂ ਨੂੰ ਕੱਢਣ ਲਈ ਕੋਈ ਨਹੀਂ ਆ ਰਿਹਾ। ਖਬਰ ਲਿਖੇ ਜਾਣ ਤੱਕ ਵੀ ਅਧਿਆਪਕ ਮੀਹ ਵਿੱਚ ਭਿੱਜ ਰਹੇ ਹਨ ਅਤੇ ਬੱਸਾਂ ਫਸੀਆਂ ਹੋਈਆਂ ਹਨ, ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਬਹੁੜਿਆ।
ਇਸ ਸਬੰਧੀ ਇਸ ਪੱਤਰਕਾਰ ਵੱਲੋਂ ਐੱਸਡੀਐੱਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਅਜੇ ਕੁਮਾਰ ਸ਼ਰਮਾ ਨਾਲ ਗੱਲਬਾਤ ਕਰਨ ਫੋਨ ਕੀਤਾ ਗਿਆ ਪਰ ਉਨ੍ਹਾਂ ਕਾਲ ਰਿਸੀਵ ਨਹੀ ਕੀਤੀ।