ਇਥੋਂ ਦੇ ਵਕੀਲ ਖ਼ਿਲਾਫ਼ ਪੁਲੀਸ ਵੱਲੋਂ ਦਰਜ ਕੀਤੇ ਮੁਕੱਦਮੇ ਕਾਰਨ ਕਰੀਬ 14 ਦਿਨਾਂ ਤੋਂ ਸ਼ੁਰੂ ਹੋਇਆ ਵਿਵਾਦ ਹੁਣ ਸੂਬਾ ਪੱਧਰ ’ਤੇ ਫੈਲ ਗਿਆ ਹੈ, ਜਿਸ ਕਾਰਨ ਸਟੇਟ ਬਾਰ ਕੌਂਸਲ ਵੱਲੋਂ 13 ਅਤੇ 14 ਨਵੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਵਿਧਾਇਕ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਇਸੇ ਮੁੱਦੇ ਨੂੰ ਲੈ ਕੇ ਵਕੀਲਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁਕਤਸਰ ਫੇਰੀ ਦੌਰਾਨ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਗਟਾਵਾ ਵੀ ਕੀਤਾ ਗਿਆ ਸੀ।
ਐਸੋਸੀਏਸ਼ਨ ਦੇ ਪ੍ਰਧਾਨ ਧਨਵੰਤ ਸਿੰਘ ਉੱਪਲ ਨੇ ਦੱਸਿਆ ਕਿ ਪਿੰਡ ਜਵਾਹਰੇਵਾਲਾ ਵਿਖੇ 29 ਅਕਤੂਬਰ ਨੂੰ ਹੋਏ ਝਗੜੇ ਸਬੰਧੀ ਥਾਣਾ ਸਦਰ ’ਚ ਕਰਾਸ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ’ਚ ਸ਼ਾਮਲ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਤੇ ਉਸ ਦੇ ਸਾਥੀਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਕਥਿਤ ਤੌਰ ’ਤੇ ਝੂਠੀ ਸੀ, ਜੋ ਬਾਅਦ ਵਿੱਚ ਪੁਲੀਸ ਨੇ ਰੱਦ ਕਰ ਦਿੱਤੀ। ਪ੍ਰਧਾਨ ਨੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਵਿਧਾਇਕ ਸ਼ਾਮਲ ਸੀ, ਕਿਉਂਕਿ ਦੂਜੀ ਧਿਰ ਵਿੱਚ ‘ਆਪ’ ਦੇ ਆਗੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਵਿਧਾਇਕ ਦੇ ਇਸ ਪੱਖਪਾਤੀ ਰਵੱਈਏ ਖ਼ਿਲਾਫ ਵਕੀਲਾਂ ਵੱਲੋਂ 14 ਨਵੰਬਰ ਨੂੰ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਟੇਟ ਬਾਰ ਕੌਂਸਲ ਵੱਲੋਂ ਦੋ ਦਿਨ 13 ਅਤੇ 14 ਨਵੰਬਰ ਨੂੰ ਸੂਬਾ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।

