ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ

ਜ਼ਮੀਨੀ ਵਿਵਾਦ ਕਾਰਨ ਵਕੀਲ ਨੇ ਭਰਾ, ਭਰਜਾਈ ਅਤੇ ਭਤੀਜੀ ’ਤੇ ਚੜ੍ਹਾਈ ਕਾਰ

ਤਿੰਨੋਂ ਜ਼ਖ਼ਮੀ ਹਾਲਤ ਵਿੱਚ ਹਸਪਤਾਲ ’ਚ ਜ਼ੇਰੇ-ਇਲਾਜ
ਜ਼ਖ਼ਮੀਆਂ ਨੂੰ ਕਾਰ ਹੇਠੋਂ ਕੱਢਦੇ ਹੋਏ ਲੋਕ। ਫੋਟੋ: ਹਰਦੀਪ ਸਿੰਘ

ਇੱਥੋਂ ਨਜ਼ਦੀਕ ਪਿੰਡ ਗੱਟੀ ਜੱਟਾਂ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਵਕੀਲ ਨੇ ਆਪਣੇ ਪਰਿਵਾਰ ਦੇ ਦੂਸਰੇ ਜੀਆਂ ਉਪਰ ਆਪਣੀ ਕਾਰ ਚੜ੍ਹਾ ਦਿੱਤੀ। ਇਸ ਕਾਰਨ ਉਸ ਦਾ ਸਕਾ ਭਰਾ, ਭਰਜਾਈ ਅਤੇ ਇਕ ਭਤੀਜੀ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀ ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ-ਇਲਾਜ ਹਨ। ਪੁਲੀਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਮੋਗਾ ਵਿਖੇ ਵਕਾਲਤ ਦੀ ਪ੍ਰੈਕਟਿਸ ਕਰਦੇ ਦਿਲਬਾਗ ਸਿੰਘ ਦਾ ਆਪਣੇ ਭਰਾਵਾਂ ਨਾਲ ਕੁਝ ਸਮੇਂ ਤੋਂ ਸਾਢੇ ਤਿੰਨ ਏਕੜ ਜ਼ਮੀਨ ਸਬੰਧੀ ਝਗੜਾ ਚੱਲ ਰਿਹਾ ਸੀ। ਉਸ ਦੇ ਭਰਾ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਦਾ ਦੋਸ਼ ਹੈ ਕਿ ਵਕੀਲ ਭਰਾ ਨੇ ਆਪਣੇ ਪਿਤਾ ਤੋਂ ਜ਼ਮੀਨ ਦੀ ਕਥਿਤ ਧੋਖੇ ਨਾਲ ਵਸੀਅਤ ਕਰਵਾ ਲਈ ਸੀ।

ਇਸ ਦਾ ਪਤਾ ਚੱਲਣ ਉੱਤੇ ਉਨ੍ਹਾਂ ਦਿਲਬਾਗ ਸਿੰਘ ਨਾਲ ਪਰਿਵਾਰਿਕ ਗੱਲਬਾਤ ਕੀਤੀ ਪਰ ਉਹ ਗੱਲ ਸੁਣਨ ਤੋਂ ਇਨਕਾਰੀ ਸੀ। ਉਸਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਜ਼ਮੀਨ ਦਾ ਮੁੱਲ ਵੀ ਦੇਣ ਨੂੰ ਤਿਆਰ ਹਨ, ਪਰ ਉਹ ਜ਼ਮੀਨ ਉਨ੍ਹਾਂ ਦੀ ਬਜਾਏ ਕਿਸੇ ਹੋਰ ਧਿਰ ਨੂੰ ਵੇਚਣਾ ਚਾਹੁੰਦਾ ਹੈ।

ਲੰਘੇ ਕੱਲ੍ਹ ਉਸ ਨਾਲ ਜਦੋਂ ਇਸ ਸਬੰਧੀ ਪਤਵੰਤਿਆਂ ਦੀ ਹਾਜ਼ਰੀ ਵਿੱਚ ਗੱਲ ਕਰਨੀ ਚਾਹੀ ਤਾਂ ਉਹ ਤਲਖ਼ੀ ਵਿੱਚ ਆ ਗਿਆ ਅਤੇ ਘਰ ਦੇ ਬਾਹਰ ਖੜ੍ਹੇ ਉਸਦੇ ਪਰਿਵਾਰਕ ਮੈਂਬਰਾਂ ਉੱਤੇ ਭਜਾ ਕੇ ਆਪਣੀ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਹ ਅਤੇ ਉਸ ਦੀ ਪਤਨੀ ਤੇ ਬੇਟੀ ਜ਼ਖ਼ਮੀ ਹੋ ਗਏ।

ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਧਰਮਕੋਟ ਪੁਲੀਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

ਵਕੀਲ ਦਿਲਬਾਗ ਸਿੰਘ ਦਾ ਕਹਿਣਾ ਸੀ ਕਿ ਜਦੋਂ ਉਹ ਕੱਲ੍ਹ ਸਵੇਰੇ ਆਪਣੀ ਕਾਰ ਉੱਤੇ ਮੋਗਾ ਕਚਹਿਰੀ ਨੂੰ ਜਾਣ ਲੱਗੇ ਤਾਂ ਉਸ ਦੇ ਭਰਾ ਅਤੇ ਦੂਸਰੇ ਮੈਂਬਰਾਂ ਨੇ ਉਸ ਉੱਤੇ ਹਮਲਾ ਕਰਨ ਦੀ ਨੀਅਤ ਨਾਲ ਕਾਰ ਨੂੰ ਘੇਰ ਲਿਆ। ਜਦੋਂ ਉਹ ਕਾਰ ਨੂੰ ਭਜਾ ਕੇ ਕੱਢਣ ਲੱਗਾ ਤਾਂ ਉਕਤ ਲੋਕ ਕਾਰ ਨਾਲ ਟਕਰਾ ਗਏ। ਉਸ ਮੁਤਾਬਿਕ ਉਸ ਨੂੰ ਵੀ ਸੱਟਾਂ ਲੱਗੀਆਂ ਹਨ।

ਥਾਣਾ ਮੁਖੀ ਭਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਕਲਮਬੰਦ ਕਰਨ ਲਈ ਮੁਲਾਜ਼ਮ ਹਸਪਤਾਲ ਭੇਜੇ ਗਏ ਹਨ। ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।