ਫ਼ਿਰੌਤੀ ਦੀਆਂ ਵਾਰਦਾਤਾਂ ’ਚ ਸ਼ਾਮਲ ਵਕੀਲ ਗ੍ਰਿਫ਼ਤਾਰ
ਗੁਰਬਖਸ਼ਪੁਰੀ
ਤਰਨ ਤਾਰਨ, 11 ਜੂਨ
ਪੁਲੀਸ ਨੇ ਵਕੀਲ ਨੂੰ ਇਲਾਕੇ ਨਾਲ ਸਬੰਧਤ ਗੈਂਗਸਟਰ ਪ੍ਰਭ ਦਾਸੂਵਾਲ ਨਾਲ ਮਿਲ ਕੇ ਫ਼ਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਰੂਨੋ ਧਵਨ ਵਾਸੀ ਪੱਟੀ ਵਜੋਂ ਹੋਈ ਹੈ। ਪੁਲੀਸ ਅਨੁਸਾਰ ਪੱਟੀ ਦੀਆਂ ਕਚਹਿਰੀਆਂ ਵਿੱਚ ਪ੍ਰੈਕਟਿਸ ਕਰਦਾ ਬਰੂਨੋ ਧਵਨ ਖ਼ੁਦ ਨੂੰ ਪ੍ਰਭ ਦਾਸੂਵਾਲ ਤੋਂ ਖ਼ਤਰਾ ਹੋਣ ਦੀ ਆੜ ਵਿੱਚ ਪੁਲੀਸ ਤੋਂ ਸੁਰੱਖਿਆ ਦੀ ਮੰਗ ਕਰਦਾ ਸੀ| ਉਸ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੱਟੀ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਕਰੋੜ ਰੁਪਏ ਫ਼ਿਰੌਤੀ ਨਾ ਦੇਣ ’ਤੇ ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ ਨੇ ਉਸ ਦੇ ਘਰ ਦੇ ਗੇਟ ’ਤੇ ਗੋਲੀਆਂ ਚਲਵਾਈਆਂ ਹਨ। ਇਸ ਸਬੰਧੀ ਐੱਸਐੱਸਪੀ (ਵਾਧੂ ਚਾਰਜ) ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਸ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਪਿੰਡ ਠੱਕਰਪੁਰਾ ਵਾਸੀ ਹਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਪੁੱਛ-ਪੜਤਾਲ ਵਿੱਚ ਦੱਸਿਆ ਕਿ ਬਰੂਨੋ ਧਵਨ ਨੇ ਪੁਲੀਸ ਸੁਰੱਖਿਆ ਲੈਣ ਲਈ ਆਪਣੇ ਘਰ ’ਤੇ ਗੋਲੀਆਂ ਚਲਵਾਈਆਂ ਸਨ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਜਾਣ ’ਤੇ ਵਕੀਲ ਬਰੂਨੋ ਧਵਨ ਵੱਲੋਂ ਮੁੱਢਲੀ ਪੁੱਛ-ਪੜਤਾਲ ਵਿੱਚ ਜਿੱਥੇ ਆਪਣੇ ਘਰ ’ਤੇ ਖੁਦ ਗੋਲੀਆਂ ਚਲਵਾਉਣ ਬਾਰੇ ਜਾਣਕਾਰੀ ਦਿੱਤੀ ਗਈ, ਉਥੇ ਉਸ ਨੇ ਮੰਨਿਆ ਕਿ ਉਹ ਇਲਾਕੇ ਅੰਦਰ ਗੈਂਗਸਟਰ ਪ੍ਰਭ ਦਾਸੂਵਾਲ ਨਾਲ ਕਥਿਤ ਮਿਲੀਭੁਗਤ ਕਰਕੇ ਫ਼ਿਰੌਤੀ ਮੰਗਣ ਦੀਆਂ ਵਾਰਦਾਤਾਂ ਵਿੱਚ ਮੋਹਰੀ ਭੂਮਿਕਾ ਵੀ ਅਦਾ ਕਰ ਰਿਹਾ ਸੀ| ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮ ਧਵਨ ਵੱਲੋਂ ਪ੍ਰਭ ਦਾਸੂਵਾਲ ਨਾਲ ਬੈਂਕਾਂ ਲੁੱਟਣ ਤੇ ਇਲਾਕੇ ਦੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਦੀ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਸੀ। ਐੱਸਪੀ (ਜਾਂਚ) ਅਜੇਰਾਜ ਸਿੰਘ ਨੇ ਦੱਸਿਆ ਕਿ ਵਕੀਲ ਬਰੂਨੋ ਧਵਨ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਥਾਣਾ ਸਿਟੀ ਪੱਟੀ ਦੇ ਐੱਸਐੱਚਓ ਹਰਪ੍ਰੀਤ ਸਿੰਘ ਅਨੁਸਾਰ ਇਸ ਸਬੰਧੀ ਪਹਿਲਾਂ ਦਰਜ ਕੇਸ ਵਿੱਚ ਹੋਰ ਧਾਰਾਵਾਂ ਜੋੜ ਦਿੱਤੀਆਂ ਹਨ|