ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਨੇ ਦਮ ਤੋੜਿਆ: ਸੁਪ੍ਰਿਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੂਨ
ਕਾਂਗਰਸ ਦੀ ਕੌਮੀ ਸੋਸ਼ਲ ਮੀਡੀਆ ਇੰਚਾਰਜ ਸੁਪ੍ਰਿਆ ਸ੍ਰੀਨੇਤ ਨੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਪੁਲੀਸ ਤੇ ਪ੍ਰਸ਼ਾਸਨ ਦੇ ਜ਼ੋਰ ਨਾਲ ਸੰਜੀਵ ਅਰੋੜਾ ਨੂੰ ਚੋਣ ਜਿਤਾ ਕੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ’ਚ ਭੇਜਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਪਰ ਹਲਕੇ ਦੇ ਸੂਝਵਾਨ ਵੋਟਰ ਉਨ੍ਹਾਂ ਦਾ ਇਹ ਸੁਫ਼ਨਾ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।
ਅੱਜ ਵਿਧਾਨ ਸਭਾ ਹਲਕਾ ਪੱਛਮੀ ਦੇ ਚੋਣ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਕੁਝ ਲੋਕਾਂ ਨੂੰ ਬਾਹਰ ਦਾ ਰਾਹ ਦਿਖਾਇਆ ਹੈ ਪਰ ਹੁਣ ਉਹ ਲੋਕ ਸੱਤਾ ਦੇ ਲਾਲਚ ਕਾਰਨ ਇੱਥੇ ਡੇਰੇ ਲਾ ਕੇ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਮ ਤੋੜ ਚੁੱਕੀ ਹੈ। ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਹਨ ਅਤੇ ਫਿਰੌਤੀ ਨਾ ਦੇਣ ’ਤੇ ਕਤਲ ਆਮ ਗੱਲ ਬਣ ਗਈ ਹੈ। ਇਸ ਮੌਕੇ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ‘ਆਪ’ ਸਰਕਾਰ ਦੇ ਸਾਢੇ ਤਿੰਨ ਸਾਲਾਂ ਵਿੱਚ ਪੰਜਾਬ ਨੂੰ ਸਿਰਫ਼ ਕਰਜ਼ੇ ਦੇ ਬੋਝ ਹੇਠ ਦੱਬਣ ਦੀ ਕ੍ਰਾਂਤੀ ਆਈ ਹੈ। ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸੰਜੀਵ ਅਰੋੜਾ ਵੱਲੋਂ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਕਰਵਾਉਣ ਦੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੱਤਾ ਅਤੇ ਕਿਹਾ ਕਿ ਹਲਵਾਰਾ ਹਵਾਈ ਅੱਡਾ ਉਨ੍ਹਾਂ ਦੇ ਯਤਨਾਂ ਨਾਲ ਬਣਿਆ ਹੈ ਜਦਕਿ ਭਗਵੰਤ ਮਾਨ ਨੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਸਨ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਪੰਜਾਬ ਸੋਸ਼ਲ ਮੀਡੀਆ ਇੰਚਾਰਜ ਗੁਰਤੇਜ ਸਿੰਘ ਪੰਨੂ ਵੀ ਮੌਜੂਦ ਸਨ।