ਦਿਲਜੀਤ ਸਿੰਘ ਬੇਦੀ ਨਮਿੱਤ ਅੰਤਿਮ ਅਰਦਾਸ
ਉੱਘੇ ਸਿੱਖ ਚਿੰਤਕ, ਲੇਖਕ ਤੇ ਸਾਹਿਤਕਾਰ ਦਿਲਜੀਤ ਸਿੰਘ ਬੇਦੀ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਅਕਾਲੀ ਫੂਲਾ ਸਿੰਘ ਵਿਖੇ ਕਰਵਾਇਆ ਗਿਆ। ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਤੋਂ ਇਲਾਵਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਤੇ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਅਰਦਾਸ ਉਪਰੰਤ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਬੁੱਢਾ ਦਲ ਦੇ ਸਕੱਤਰ ਰਹੇ ਦਿਲਜੀਤ ਸਿੰਘ ਬੇਦੀ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਇੰਜ ਮਹਿਸੂਸ ਹੋ ਰਿਹਾ ਹੈ ਕਿ ਦਿਲਜੀਤ ਸਿੰਘ ਬੇਦੀ ਆਪਣੀਆਂ ਰਚਨਾਵਾਂ, ਲੇਖ ਅਤੇ ਬੁੱਢਾ ਦਲ ਨਾਲ ਸਬੰਧਿਤ ਇਤਿਹਾਸਿਕ ਜਾਣਕਾਰੀਆਂ ਨੂੰ ਕਲਮਬੱਧ ਕਰ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦੇ ਵਡਮੁੱਲੇ ਖ਼ਜਾਨੇ ਨੂੰ ਵੀ ਸਾਂਭਣ ਦਾ ਕੰਮ ਦਿਲਜੀਤ ਸਿੰਘ ਬੇਦੀ ਨੇ ਕੀਤਾ।
ਇਸ ਮੌਕੇ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਜੀ ਸਹਾਇਕ ਸਤਬੀਰ ਸਿੰਘ, ਸਕੱਤਰ ਪ੍ਰਤਾਪ ਸਿੰਘ ਨੇ ਵੀ ਐਡਵੋਕੇਟ ਧਾਮੀ ਵੱਲੋਂ ਭੇਜੇ ਸੋਗ ਸੁਨੇੇਹੇ ਨੂੰ ਪੜ੍ਹਿਆ ਅਤੇ ਦਿਲਜੀਤ ਸਿੰਘ ਬੇਦੀ ਦੇ ਸਦੀਵੀ ਵਿਛੋੜੇ ਨੂੰ ਵੱਡਾ ਘਾਟਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦਿਲਜੀਤ ਸਿੰਘ ਬੇਦੀ ਨੇ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਪਬਲੀਸਿਟੀ ਸਕੱਤਰ ਵਜੋਂ ਅਹਿਮ ਕਾਰਜ ਕੀਤੇ ਜੋ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਬਹੁਤ ਸਾਰੀਆਂ ਸ਼ਖ਼ਸੀਅਤਾਂ ਅਤੇ ਬੇਦੀ ਪਰਿਵਾਰ ਸ੍ਰੀਮਤੀ ਸੁਰਿੰਦਰ ਕੌਰ ਬੇਦੀ, ਬੇਟੀ ਮਨਦੀਪ ਬੇਦੀ, ਹਿਨਾ ਬੇਦੀ ਵੀ ਮੌਜੂਦ ਸਨ।