ਸੇਜਲ ਅੱਖਾਂ ਨਾਲ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਇਗੀ
ਜੱਦੀ ਪਿੰਡ ਪੋਨਾ ਵਿੱਚ ਸਸਕਾਰ; ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਦੁੱਖ ਵੰਡਾਇਆ; ਕਈ ਗਾਇਕ ਤੇ ਕਲਾਕਾਰ ਪੁੱਜੇ
ਪੰਜਾਬੀ ਗਾਇਕ ਕਲਾਕਾਰ ਰਾਜਵੀਰ ਜਵੰਦਾ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ ’ਚ ਸਸਕਾਰ ਕਰ ਦਿੱਤਾ ਗਿਆ। ਪਿੰਡ ਦੀ ਜਿਸ ਥਾਂ ’ਤੇ ਗਾਇਕ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ, ਉਹ ਸਕੂਲ ਦੇ ਬਿਲਕੁਲ ਨਾਲ ਲੱਗਦੀ ਉਹੀ ਥਾਂ ਹੈ ਜਿੱਥੇ ਬਣੀ ਸਟੇਜ ’ਤੇ ਉਸ ਨੇ ਪਹਿਲੀ ਵਾਰ ਗਾਇਆ ਸੀ। ਇਸ ਥਾਂ ’ਤੇ ਮਰਹੂਮ ਗਾਇਕ ਦੀ ਯਾਦਗਾਰ ਬਣਾਉਣ ਦੀ ਵੀ ਮੰਗ ਉੱਠੀ। ਆਪਣੀ ਗਾਇਕੀ ਰਾਹੀਂ ਦੁਨੀਆਂ ਭਰ ਵਿੱਚ ਨਾਮਣਾ ਖੱਟਣ ਵਾਲੇ ਰਾਜਵੀਰ ਜਵੰਦਾ ਦੀ ਅੰਤਿਮ ਯਾਤਰਾ ਸਮੇਂ ਮਾਹੌਲ ਬੇਹੱਦ ਗ਼ਮਗੀਨ ਸੀ। ਕਈ ਨਾਮੀ ਗਾਇਕ ਤੇ ਕਲਾਕਾਰ ਇਸ ਮੌਕੇ ਪਹੁੰਚੇ ਹੋਏ ਸਨ। ਸਿਆਸੀ ਤੇ ਸਮਾਜਿਕ ਆਗੂ ਵੀ ਵੱਡੀ ਗਿਣਤੀ ਵਿੱਚ ਰਾਜਵੀਰ ਜਵੰਦਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ।
ਅੰਤਿਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਮਰਹੂਮ ਗਾਇਕ ਦੇ ਘਰ ਪੁੱਜੇ। ਉਨ੍ਹਾਂ ਰਾਜਵੀਰ ਜਵੰਦਾ ਦੀ ਮਾਂ ਪਰਮਜੀਤ ਕੌਰ ਤੇ ਬਾਕੀ ਦੇ ਪਰਿਵਾਰਕ ਜੀਆਂ ਨਾਲ ਦੁੱਖ ਵੰਡਾਇਆ। ਉਹ ਕੁਝ ਦੇਰ ਪਰਿਵਾਰ ਕੋਲ ਰੁਕੇ ਅਤੇ ਕਿਹਾ ਕਿ ਉਹ ਤੇ ਸੂਬਾ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੀ ਹੈ। ਗਾਇਕ ਨੂੰ ਚਾਹੁਣ ਵਾਲੇ ਸਵੇਰ ਤੋਂ ਹੀ ਪਿੰਡ ਆਉਣੇ ਸ਼ੁਰੂ ਹੋ ਗਏ ਸਨ।
ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਉਮੀਦ ਵਿੱਚ ਪੁਲੀਸ ਨੇ ਸੁਰੱਖਿਆ ਤੇ ਟ੍ਰੈਫਿਕ ਦੇ ਅਗਾਊਂ ਪ੍ਰਬੰਧ ਕੀਤੇ ਹੋਏ ਸਨ। ਲੁਧਿਆਣਾ ਦਿਹਾਤੀ ਦੀ ਪੁਲੀਸ ਫੋਰਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਦੀ ਪੁਲੀਸ ਵੀ ਤਾਇਨਾਤ ਕੀਤੀ ਹੋਈ ਸੀ।
ਅੰਤਿਮ ਯਾਤਰਾ ਵਿੱਚ ਗਾਇਕ ਸਤਿੰਦਰ ਸਰਤਾਜ, ਬੱਬੂ ਮਾਨ, ਐਮੀ ਵਿਰਕ, ਮੁਹੰਮਦ ਸਦੀਕ, ਕਰਮਜੀਤ ਅਨਮੋਲ, ਸਰਦਾਰ ਸੋਹੀ, ਕੰਵਰ ਗਰੇਵਾਲ, ਮਨਕੀਰਤ ਔਲਖ, ਰਣਜੀਤ ਬਾਵਾ, ਜੱਸ ਬਾਜਵਾ, ਗਾਇਕਾ ਗੁਰਲੇਜ਼ ਅਖ਼ਤਰ, ਕੁਲਵਿੰਦਰ ਬਿੱਲਾ, ਸੁਖਵਿੰਦਰ ਸੁੱਖੀ, ਰਘਬੀਰ ਬੋਲੀ, ਰਵਿੰਦਰ ਗਰੇਵਾਲ, ਹਿੰਮਤ ਸੰਧੂ, ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੱਧੂ, ਰੇਸ਼ਮ ਅਨਮੋਲ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਐਕਸੀਅਨ ਗੁਰਪ੍ਰੀਤਮਹਿੰਦਰ ਸਿੱਧੂ, ਐਡਵੋਕੇਟ ਸੰਦੀਪ ਗੋਇਲ, ਕਸ਼ਮੀਰ ਸਿੰਘ ਸੰਘਾ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੋਨਾ, ਸਰਪੰਚ ਹਰਪ੍ਰੀਤ ਸਿੰਘ ਰਾਜੂ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਵਰਨ ਸਿੰਘ ਤਿਹਾੜਾ, ਦੀਦਾਰ ਸਿੰਘ ਮਲਕ ਤੇ ਨਿਰਭੈ ਸਿੰਘ ਸਿੱਧੂ ਹਾਜ਼ਰ ਸਨ।
ਸਨਮਤੀ ਸਕੂਲ ਨੇ ਪੁਰਾਣੇ ਵਿਦਿਆਰਥੀ ਜਵੰਦਾ ਨੂੰ ਯਾਦ ਕੀਤਾ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇੱਥੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਅੱਜ ਸਵੇਰ ਦੀ ਸਭਾ ਵੇਲੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਮਰਹੂਮ ਗਾਇਕ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦਿੱਤੀ ਗਈ। ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਸੈਕਟਰੀ ਮਹਾਵੀਰ ਜੈਨ ਅਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਰਾਜਵੀਰ ਸਿੰਘ ਜਵੰਦਾ ਵਾਸੀ ਪੋਨਾ ਨੇ ਨੌਵੀਂ ਜਮਾਤ ਵਿੱਚ ਸਨਮਤੀ ਸਕੂਲ ਵਿੱਚ ਦਾਖ਼ਲਾ ਲਿਆ ਸੀ ਅਤੇ ਆਪਣੀ ਪੜ੍ਹਾਈ ਇਸੇ ਸਕੂਲ ਵਿੱਚੋਂ ਪੂਰੀ ਕੀਤੀ। ਅੱਜ ਸਵੇਰ ਦੀ ਸਭਾ ਵਿੱਚ ਮਰਹੂਮ ਗਾਇਕ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ। ਸਕੂਲ ਸਟਾਫ਼ ਨੇ ਰਾਜਵੀਰ ਜਵੰਦਾ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ।