DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਸ਼ਾ ਵਿਭਾਗ ਵੱਲੋਂ 2025 ਦੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਦਾ ਐਲਾਨ

ਭਾਈ ਵੀਰ ਸਿੰਘ ਪੁਰਸਕਾਰ ਗੁਰਿੰਦਰਜੀਤ ਦੀ ਪੁਸਤਕ ‘ਬਰਫ਼ ’ਚ ਉੱਗੇ ਅਮਲਤਾਸ’ ਨੂੰ ਦੇਣ ਦਾ ਐਲਾਨ
  • fb
  • twitter
  • whatsapp
  • whatsapp
featured-img featured-img
ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰ ਜੇਤੂ ਪੁਸਤਕਾਂ ਦੇ ਸਰਵਰਕ।
Advertisement

ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ (2025) ਦਾ ਐਲਾਨ ਕਰ ਦਿੱਤਾ ਗਿਆ ਹੈ। ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਹ ਪੁਰਸਕਾਰ ਨਵੰਬਰ 2025 ਦੇ ਪਹਿਲੇ ਹਫ਼ਤੇ ਪੰਜਾਬੀ ਮਹੀਨੇ ਦੇ ਰਾਜ ਪੱਧਰੀ ਉਦਘਾਟਨੀ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਦਿੱਤੇ ਜਾਣਗੇ। ਇਸ ਪੁਰਸਕਾਰ ਵਿੱਚ ਇਨਾਮੀ ਰਾਸ਼ੀ 31,000 ਰੁਪਏ ਦੇ ਨਾਲ-ਨਾਲ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇਗਾ। ਜ਼ਫ਼ਰ ਨੇ ਕਿਹਾ ਕਿ ਇਹ ਪੁਰਸਕਾਰ ਸਾਲ 2024 ਵਿੱਚ ਛਪੀਆਂ ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 10 ਸਰਵੋਤਮ ਪੰਜਾਬੀ ਪੁਸਤਕਾਂ ਨੂੰ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਲਈ ਵੱਖ-ਵੱਖ ਵਿਧਾਵਾਂ ਦੀਆਂ 273 ਕਿਤਾਬਾਂ ਪ੍ਰਾਪਤ ਹੋਈਆਂ ਸਨ। ਐਲਾਨੇ ਗਏ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਸਵੈ-ਜੀਵਨੀ/ਯਾਦਾਂ/ਰੇਖਾ ਚਿੱਤਰ) ਗੁਰਿੰਦਰਜੀਤ ਦੀ ਪੁਸਤਕ ‘ਬਰਫ਼ ’ਚ ਉੱਗੇ ਅਮਲਤਾਸ’ ਨੂੰ, ਨਾਨਕ ਸਿੰਘ ਪੁਰਸਕਾਰ (ਨਾਵਲ) ਜਸਵੀਰ ਸਿੰਘ ਰਾਣਾ ਦੀ ਪੁਸਤਕ ‘70% ਪ੍ਰੇਮ ਕਥਾ’ ਨੂੰ, ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ/ਮਿੰਨੀ ਕਹਾਣੀ ਸੰਗ੍ਰਹਿ) ਭਗਵੰਤ ਰਸੂਲਪੁਰੀ ਦੀ ਪੁਸਤਕ ‘ਡਲਿਵਰੀ ਮੈਨ’ ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ ਸਫ਼ਰਨਾਮਾ/ਵਿਅੰਗ) ਡਾ. ਪਰਮਜੀਤ ਢੀਂਗਰਾ ਦੀ ਪੁਸਤਕ ‘ਕਿਤਾਬ ਜੋ ਅਜੇ ਬਾਕੀ ਹੈ’ ਨੂੰ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ) ਸ਼ਮੀਲ ਦੀ ਪੁਸਤਕ ‘ਤੇਗ’ ਨੂੰ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਸੁਭਾਸ਼ ਭਾਸਕਰ ਦੀ ਪੁਸਤਕ ‘ਅਣਵੰਡਿਆ ਪੰਜਾਬ (ਡਾ. ਚੰਦਰ ਤ੍ਰਿਖਾ)’ ਨੂੰ, ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ/ਸੰਪਾਦਨ) ਅਮੀਆ ਕੁੰਵਰ ਦੀ ਪੁਸਤਕ ‘ਇਮਰੋਜ਼ਨਾਮਾ’ ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਡਾ. ਇੰਦਰਪ੍ਰੀਤ ਸਿੰਘ ਧਾਮੀ ਦੀ ਪੁਸਤਕ ‘ਸੁਪਨਸਾਜ਼’ ਨੂੰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਗੁਰਦੀਪ ਸਿੰਘ ਦੀ ਪੁਸਤਕ ‘ਇਹ ਦੇਸ ਪੰਜਾਬ ਦੀ ਸਮਝ ਨਾਹੀਂ’ ਨੂੰ ਅਤੇ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਟੀਕਾਕਾਰੀ/ ਕੋਸ਼ਕਾਰੀ/ਭਾਸ਼ਾ ਵਿਗਿਆਨ/ ਵਿਆਕਰਣ/ਹਵਾਲਾ ਗ੍ਰੰਥ) ਜਗਤਾਰ ਸਿੰਘ ਸੋਖੀ ਦੀ ਪੁਸਤਕ ‘ਪੰਜਾਬੀ ਸਮਾਨਾਰਥਕ ਕੋਸ਼’ ਨੂੰ ਪ੍ਰਦਾਨ ਕੀਤੇ ਜਾਣਗੇ।

Advertisement
Advertisement
×