DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੈਂਡ ਪੂਲਿੰਗ ਨੀਤੀ: ਸੰਘਰਸ਼ ਦਾ ਪਿੜ ਬੰਨ੍ਹਣ ਵਾਲੇ ਪਿੰਡ ਮਲਕ ਵਿੱਚ ਖੁਸ਼ੀ ਦੀ ਲਹਿਰ

ਅਰਥੀ ਫੂਕਣ ਤੋਂ ਲੈ ਕੇ ਦਾਖ਼ਲਾ ਰੋਕਣ ਤਕ ਮਲਕ ਵਾਸੀਆਂ ਨੇ ਲਿਆ ਸੀ ਫੈਸਲਾ, ਪੋਨਾ ਤੇ ਅਲੀਗੜ੍ਹ ਵੀ ਰਹੇ ਮੋਹਰੀ
  • fb
  • twitter
  • whatsapp
  • whatsapp
Advertisement
ਵਿਵਾਦਤ ਤੇ ਭਾਰੀ ਵਿਰੋਧ ਦਾ ਸਾਹਮਣਾ ਕਰ ਰਹੀ ਲੈਂਡ ਪੂਲਿੰਗ ਨੀਤੀ ਆਖ਼ਰ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਜਿਸ ’ਤੇ ਅੱਜ ਨੇੜਲੇ ਪਿੰਡ ਮਲਕ ਵਿੱਚ ਲੱਡੂ ਵੰਡੇ ਗਏ। ਇਹ ਮਲਕ ਪਿੰਡ ਓਹੀ ਹੈ ਜਿਸ ਨੇ ਨਾਲ ਲੱਗਦੇ ਅਲੀਗੜ੍ਹ, ਪੋਨਾ ਤੇ ਅਗਵਾੜ ਗੁੱਜਰਾਂ ਨਾਲ ਮਿਲ ਕੇ ਸੰਘਰਸ਼ ਮਘਾਇਆ ਸੀ। ਇਨ੍ਹਾਂ ਚਾਰ ਪਿੰਡਾਂ ਦੀ ਪੰਜ ਸੌ ਏਕੜ ਤੋਂ ਵਧੇਰੇ ਜ਼ਮੀਨ ਇਸ ਨੀਤੀ ਦੀ ਮਾਰ ਹੇਠ ਆਉਣ ਮਗਰੋਂ ਪਹਿਲਾ ਇਕੱਠ, ਪਹਿਲਾ ਸੂਬਾ ਪੱਧਰੀ ਧਰਨਾ, ਪਹਿਲਾ ਵੱਡਾ ਅਰਥੀ ਫੂਕ ਮੁਜ਼ਾਹਰਾ ਅਤੇ ਪਹਿਲਾ ਸੱਤਾਧਾਰੀ ਧਿਰ ਦੇ ਆਗੂਆਂ ਦਾ ਦਾਖ਼ਲਾ ਬੰਦ ਇਥੋਂ ਹੀ ਹੋਇਆ ਸੀ। ਪਿੰਡ ਮਲਕ, ਪੋਨਾ ਤੇ ਅਲੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦਾਖ਼ਲ ਨਾ ਹੋਣ ਦੇ ਲੱਗੇ ਬੋਰਡਾਂ ਅੱਗੇ ਖੜ੍ਹ ਕੇ ਅੱਜ ਕਿਸਾਨਾਂ ਨੇ ਖੁਸ਼ੀ ਮਨਾਈ। ਪਿੰਡ ਮਲਕ ਵਿੱਚ ਤਾਂ ਇਨ੍ਹਾਂ ਬੋਰਡਾਂ ਮੂਹਰੇ ਕਿਸਾਨਾਂ ਨੇ ਲੱਡੂ ਵੀ ਵੰਡੇ। ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ। ਇਸ ਮੌਕੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਸਾਬਕਾ ਸਰਪੰਚ ਨਿਰਭੈ ਸਿੰਘ ਸਿੱਧੂ, ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਪਰਵਾਰ ਸਿੰਘ ਮਲਕ, ਸ਼ਿੰਦਰਪਾਲ ਸਿੰਘ ਢਿੱਲੋਂ, ਹਰਜੋਤ ਸਿੰਘ ਉੱਪਲ ਤੇ ਹੋਰਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਜਿਹੜੇ ਮੰਤਰੀ, ਆਗੂ ਤੇ ਅਧਿਕਾਰੀ ਹੁਣ ਤਕ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਗਿਣਾਉਂਦੇ ਨਹੀਂ ਸੀ ਥੱਕਦੇ ਉਹ ਹੁਣ ਲੋਕਾਂ ਨੂੰ ਕੀ ਮੂੰਹ ਦਿਖਾਉਣਗੇ। ਉਨ੍ਹਾਂ ਕਿਹਾ ਕਿ ਇਹ ਲੋਕ ਏਕਤਾ ਦੀ ਜਿੱਤ ਹੈ ਅਤੇ ਭਵਿੱਖ ਵਿੱਚ ਵੀ ਲੋਕਾਂ ਨੂੰ ਇਹ ਏਕਾ ਇਸੇ ਤਰ੍ਹਾਂ ਕਾਇਮ ਰੱਖਣਾ ਹੋਵੇਗਾ।

Advertisement

ਧਨੇਰ ਵੱਲੋਂ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ

ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਨੀਤੀ ਰੱਦ ਕਰਨ ਦਾ ਸਵਾਗਤ ਕੀਤਾ ਪਰ ਨਾਲ ਹੀ ਕਿਸਾਨਾਂ ਨੂੰ ਅਵੇਸਲੇ ਨਾ ਪੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਹੀ ਖੇਤੀ ’ਤੇ ਹੋਰ ਹੱਲੇ ਹੋਣੇ ਹਨ। ਇਸ ਲਈ ਕਿਸਾਨਾਂ ਨੂੰ ਇਸੇ ਤਰ੍ਹਾਂ ਏਕਾ ਬਣਾਈ ਰੱਖਣ ਦੀ ਲੋੜ ਹੈ। ਧਨੇਰ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਾਂਝੇ ਸੰਘਰਸ਼ ਦੇ ਰਾਹ ਚੱਲ ਕੇ ਲੋਕਾਂ ਨੇ ਪੰਜਾਬ ਸਰਕਾਰ ਦੀ ਕਿਸਾਨ ਮਜ਼ਦੂਰ ਵਿਰੋਧੀ ਇਸ ਦਾ ਨੀਤੀ ਦਾ ਮੂੰਹ ਮੋੜ ਦਿੱਤਾ ਹੈ।

ਖਾਮੀਆਂ ਦੂਰ ਕਰ ‘ਆਪ’ ਸਰਕਾਰ ਮੁੜ ਲਾਗੂ ਕਰ ਸਕਦੀ ਹੈ ਲੈਂਡ ਪੂਲਿੰਗ ਨੀਤੀ: ਬਾਜਵਾ

ਬਟਾਲਾ (ਦਲਬੀਰ ਸੱਖੋਵਾਲੀਆ): ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ ’ਤੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਘਾਟਾਂ ਨੂੰ ਦੂਰ ਕਰਨ ਉਪਰੰਤ ਹੀ ਪੰਜਾਬ ਸਰਕਾਰ ਇਸ ਨੂੰ ਫਿਰ ਤੋਂ ਲਾਗੂ ਕਰ ਸਕਦੀ ਹੈ। ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਸਰਕਾਰ ਵੱਲੋਂ ਹਾਲ ਦੀ ਘੜੀ ਇਸ ਨੀਤੀ ਨੂੰ ਵਾਪਸ ਲੈਣ ਦੇ ਫ਼ੈਸਲੇ ਨੂੰ ਪੰਜਾਬ ਦੇ ਕਿਸਾਨਾਂ, ਕਿਰਤੀਆਂ ਦੀ ਮੁੱਢਲੀ ਜਿੱਤ ਦੱਸਿਆ। ਉਧਰ, ਅਕਾਲੀ ਦਲ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਆਖਿਆ ਕਿ ਪਾਰਟੀ ਦੇ ਜ਼ਬਰਦਸਤ ਵਿਦਰੋਹ ਕਾਰਨ ਹੀ ‘ਆਪ’ ਸਰਕਾਰ ਇਸ ਨੀਤੀ ਨੂੰ ਵਾਪਸ ਲੈਣ ਲਈ ਮਜਬੂਰ ਹੋਈ ਹੈ।

ਲੈਂਡ ਪੂਲਿੰਗ ਨੀਤੀ ਦੀ ਵਾਪਸੀ ਕਿਸਾਨਾਂ ਤੇ ਮਜ਼ਦੂਰਾਂ ਦੀ ਵੱਡੀ ਜਿੱਤ: ਕਾਦੀਆਂ

ਲੁਧਿਆਣਾ (ਗੁਰਿੰਦਰ ਸਿੰਘ )ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ 'ਤੇ ਸਮੁੱਚੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਧਾਈ ਦਿੱਤੀ ਹੈ। ਅੱਜ ਦੇਰ ਸ਼ਾਮ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਦੀਆਂ ਨੇ ਕਿਹਾ ਕਿ ਖੇਤਾਂ ਦੇ ਮਾਲਕਾਂ ਨੇ ਧਾੜਵੀਆਂ ਹੱਥੋਂ ਆਪਣੇ ਖੇਤ ਬਚਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਲਈ ਸਮੁੱਚੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਧਾਈ ਦੀ ਪਾਤਰ ਹਨ।

Advertisement
×