ਦਿੱਲੀ ਵਾਲਿਆਂ ਨੂੰ ਲਾਹਾ ਦੇਣ ਲਈ ਲਿਆਂਦੀ ਲੈਂਡ ਪੂਲਿੰਗ ਨੀਤੀ: ਚੰਨੀ
ਸੰਜੀਵ ਬੱਬੀ
ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸੰਸਦ ਰਤਨ ਐਵਾਰਡ ਮਿਲਣ ’ਤੇ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਅਹੁਦੇ ਅਤੇ ਐਵਾਰਡ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਸਿੰਘਾਂ ਸ਼ਹੀਦਾਂ ਦੀ ਹੀ ਬਖਸ਼ਿਸ਼ ਹਨ, ਜਿਸ ਲਈ ਉਹ ਚਮਕੌਰ ਸਾਹਿਬ ਵਾਸੀਆਂ ਦੇ ਰਿਣੀ ਹਨ। ਸ੍ਰੀ ਚੰਨੀ ਨੇ ਕਿਹਾ,‘‘ਮੈਨੂੰ ਜੋ ਇਹ ਸਨਮਾਨ ਮਿਲਿਆ ਹੈ, ਮੈਂ ਇਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ। ਮੈਂ ਇਹ ਸਨਮਾਨ ਪੰਜਾਬ ਦੀ ਕਿਸਾਨੀ, ਖੇਤ-ਮਜ਼ਦੂਰਾਂ ਤੇ ਹਰ ਵਰਗ ਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ, ਇਹ ਮੇਰਾ ਸਨਮਾਨ ਨਹੀਂ ਸਗੋਂ ਪੰਜਾਬ ਦੇ ਸਮੂਹ ਲੋਕਾਂ ਦਾ ਸਨਮਾਨ ਹੈ।’’ ਉਨ੍ਹਾਂ ਇਸ ਪ੍ਰਾਪਤੀ ਲਈ ਹਲਕਾ ਚਮਕੌਰ ਸਾਹਿਬ ਤੇ ਜਲੰਧਰ ਵਾਸੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਹਲਕਾ ਚਮਕੌਰ ਸਾਹਿਬ ਦੇ ਲੋਕਾਂ ਨੇ ਵਿਧਾਇਕ ਬਣਾ ਕੇ ਵਿਧਾਨ ਸਭਾ ਵਿੱਚ ਭੇਜਿਆ ਤੇ ਫਿਰ ਜਲੰਧਰ ਹਲਕੇ ਦੇ ਲੋਕਾਂ ਨੇ ਐੱਮਪੀ ਬਣਾ ਕੇ ਉਨ੍ਹਾਂ ਸੰਸਦ ਵਿੱਚ ਭੇਜਿਆ ਹੈ। ਸ੍ਰੀ ਚੰਨੀ ਨੇ ‘ਆਪ’ ਸਰਕਾਰ ਨੂੰ ਸਵਾਲ ਕੀਤਾ ਲੈਂਡ ਪੂਲਿੰਗ ਵਾਸਤੇ ਉਨ੍ਹਾਂ ਦਾ ਕੀ ਸਟੈਂਡ ਹੈ? ਅਤੇ ਇਸ ਦੀ ਜ਼ਰੂਰਤ ਕੀ ਹੈ? ਸ੍ਰੀ ਚੰਨੀ ਨੇ ਕਿਹਾ ਕਿ ਸਰਕਾਰ ਕੋਲ ਪੰਜਾਬ ਦੇ ਕਰਮਚਾਰੀਆ ਤੇ ਪੈਨਸ਼ਨਰਾਂ ਨੂੰ ਤਨਖਾਹਾਂ/ ਪੈਨਸ਼ਨ ਅਤੇ ਡੀਏ ਦੇਣ ਲਈ ਪੈਸੇ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਵਾਲੇ ਪੰਜਾਬ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਅਰਬਾਂ ਰੁਪਏ ਕਰਜ਼ ਲੈ ਕੇ, ਓਹੀ ਪੈਸਾ ਵੋਟਰਾਂ ਵਿੱਚ ਵੰਡ ਕੇ ਅਗਲੀ ਸਰਕਾਰ ਬਣਾਉਣੀ ਚਾਹੁੰਦੇ ਹਨ।
ਸ੍ਰੀ ਚੰਨੀ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਜੇ ਕਿਸਾਨਾਂ ਕੋਲ ਜ਼ਮੀਨ ਹੀ ਨਾ ਰਹੀ ਫੇਰ ਖੇਤੀ ਕਿੱਥੇ ਕੀਤੀ ਜਾਵੇਗੀ? ਨਸ਼ਿਆਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਘਰ-ਘਰ ਵਿੱਚ ਨਸ਼ਾ ਪਹੁੰਚ ਚੁੱਕਿਆ ਤੇ ਗਲੀ-ਗਲੀ ਨਸ਼ਾ ਵਿਕ ਰਿਹਾ ਹੈ। ਇਸ ਮੌਕੇ ਦਰਸ਼ਨ ਸਿੰਘ ਸੰਧੂ, ਹਰੀਪਾਲ ਸਿੰਘ, ਲਖਵਿੰਦਰ ਸਿੰਘ ਭੂਰਾ, ਦਵਿੰਦਰ ਸਿੰਘ, ਆੜ੍ਹਤੀ ਤਰਲੋਚਨ ਸਿੰਘ ਭੰਗੂ, ਰੋਹਿਤ ਸੱਭਰਵਾਲ, ਸੰਜੀਵ ਸੋਨੀ ਅਤੇ ਨੰਬਰਦਾਰ ਜਸਵੀਰ ਸਿੰਘ ਆਦਿ ਹਾਜ਼ਰ ਸਨ।