ਦਰਸ਼ਨ ਸਿੰਘ ਮਿੱਠਾ
ਭਾਜਪਾ ਪੰਜਾਬ ਨੇ ਅੱਜ ਰਾਜਪੁਰਾ ਵਿੱਚ ‘ਆਪ’ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਦੀ ਹਾਰ ਦੇ ਜਸ਼ਨ ਵਜੋਂ ਕਿਸਾਨ ਮਜ਼ਦੂਰ ਫ਼ਤਹਿ ਰੈਲੀ ਕੀਤੀ। ਇਸ ਰੈਲੀ ਵਿੱਚ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨਪ੍ਰੀਤ ਬਾਦਲ, ਸੁਨੀਲ ਜਾਖੜ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਸੂਬਾਈ ਜਨਰਲ ਸਕੱਤਰ ਅਨਿਲ ਸਰੀਨ, ਘਨੌਰ ਇੰਚਾਰਜ ਹਰਵਿੰਦਰ ਹਰਪਾਲਪੁਰਾ ਅਤੇ ਪਾਰਟੀ ਕਾਰਕੁਨਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਜਾਖੜ ਨੇ ‘ਆਪ’ ਉੱਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਇਹ ਵਿਵਾਦਤ ਲੈਂਡ ਪੂਲਿੰਗ ਨੀਤੀ ਕਿਸ ਨੇ ਬਣਾਈ, ਇਸ ਬਾਰੇ ਸਪੱਸ਼ਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨੀਤੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਸ਼ਾਮਲ ਨਹੀਂ ਸੀ, ਪਰ ਇਸ ਦੀ ਕੀਮਤ ਪੰਜਾਬੀਆਂ ਨੂੰ ਭੁਗਤਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ‘ਪ੍ਰੌਕਸੀ ਸੀਐੱਮ’ ਵਜੋਂ ਕੰਮ ਕਰ ਰਹੇ ਹਨ ਜਦੋਂਕਿ ਪੰਜਾਬੀਆਂ ਨੇ ਭਗਵੰਤ ਮਾਨ ਨੂੰ ਵੋਟ ਦਿੱਤੀ ਸੀ।
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਦਾ ਬਲਾਕ ਅਤੇ ਤਹਿਸੀਲ ਪੱਧਰ ’ਤੇ ਲਗਾਤਾਰ ਸੰਘਰਸ਼ ਹੀ ਸਰਕਾਰ ਨੂੰ ਆਪਣੇ ਕਿਸਾਨ ਵਿਰੋਧੀ ਏਜੰਡੇ ਨੂੰ ਵਾਪਸ ਲੈਣ ਲਈ ਮਜਬੂਰ ਕਰਨ ਵਿੱਚ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ‘ਆਪ’ ਦੀ ਮਿਆਦ ਪੁੱਗ ਗਈ ਹੈ। ਇਸ ਦੌਰਾਨ ਤਰੁਣ ਚੁੱਘ ਨੇ ਨੀਤੀ ਵਾਪਸੀ ਨੂੰ ‘ਪੰਜਾਬੀਅਤ ਦੀ ਜਿੱਤ’ ਦੱਸਿਆ। ਉਨ੍ਹਾਂ ‘ਆਪ’ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ‘ਆਪ’ ਨੇ ਪੰਜਾਬ ਨੂੰ ਆਪਣੀ ਦਿੱਲੀ ਦੀ ਸਿਆਸਤ ਨੂੰ ਫੰਡਿੰਗ ਕਰਨ ਲਈ ‘ਏਟੀਐੱਮ’ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਨੂੰ ‘ਕਠਪੁਤਲੀ ਸੀਐੱਮ’ ਵਿੱਚ ਬਦਲ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵੱਲੋਂ ਪੰਜਾਬ ਸੂਬੇ ਨੂੰ ਲੋਕਾਂ ਲਈ ਨਹੀਂ ਸਗੋਂ ਮਾਫ਼ੀਆ ਅਤੇ ਭ੍ਰਿਸ਼ਟ ਨੇਤਾਵਾਂ ਲਈ ਚਲਾਇਆ ਜਾ ਰਿਹਾ ਹੈ।
ਧਰਮ ਪਰਿਵਰਤਨ ਕਰ ਚੁੱਕੇ ਸਿੱਖਾਂ ਨੂੰ ਵਾਪਸ ਲਿਆਵੇਗੀ ਆਰਐੱਸਐੱਸ: ਬਿੱਟੂ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ‘ਆਪ’ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਆਰਐੱਸਐੱਸ’ ਈਸਾਈ ਧਰਮ ਵਿੱਚ ਸ਼ਾਮਲ ਹੋਏ ਸਿੱਖਾਂ ਨੂੰ ਮੁੜ ਸਿੱਖ ਧਰਮ ਵਿੱਚ ਲਿਆਉਣ ਲਈ ਯਤਨਸ਼ੀਲ ਹੈ। ਆਰਐੱਸਐੱਸ ਨੇ ਆਪਣੇ ਫੰਡਾਂ ਦਾ ਵਧੇਰੇ ਹਿੱਸਾ ਇਸ ਕਾਰਜ ਲਈ ਰੱਖਿਆ ਹੈ।
ਰੈਲੀ ਵਿੱਚ ਜਾਣ ਤੋਂ ਪੁਲੀਸ ਨੇ ਰੋਕਿਆ: ਜੈਇੰਦਰ ਕੌਰ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਭਾਜਪਾ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਜੈਇੰਦਰ ਕੌਰ ਨੇ ਦੋਸ਼ ਲਾਇਆ ਕਿ ਜਦੋਂ ਉਹ ਰਾਜਪੁਰਾ ਰੈਲੀ ਵਿੱਚ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਪਟਿਆਲਾ ਪੁਲੀਸ ਨੇ ਰੋਕ ਲਿਆ। ਉਨ੍ਹਾਂ ਪੁਲੀਸ ਨੂੰ ਕਿਹਾ ਕਿ ਉਹ ਕੋਈ ਅਪਰਾਧ ਕਰਨ ਲਈ ਨਹੀਂ ਜਾ ਰਹੇ ਸਗੋਂ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਆਪਣਾ ਕਾਫ਼ਲਾ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹੁਣ ਭਾਜਪਾ ਦੀ ਚੜ੍ਹਤ ਤੋਂ ਡਰਨ ਲੱਗ ਪਈ ਹੈ ਤੇ ਪਾਰਟੀ ਦੀਆਂ ਰੈਲੀਆਂ ਵਿੱਚ ਹੁੰਦੇ ਇਕੱਠ ਤੋਂ ਘਬਰਾ ਰਹੀ ਹੈ। ਕੁਝ ਸਮੇਂ ਬਾਅਦ ਪੁਲੀਸ ਨੇ ਜੈਇੰਦਰ ਕੌਰ ਦਾ ਕਾਫ਼ਲਾ ਜਾਣ ਦਿੱਤਾ। ਇਸ ਦੌਰਾਨ ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਜੈਇੰਦਰ ਕੌਰ ਨੂੰ ਨਹੀਂ ਰੋਕਿਆ ਬਲਕਿ ਉਹ ਤਾਂ ਆਪਣੇ ਕਿਸੇ ਸਮਰਥਕ ਨੂੰ ਉਡੀਕ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਾਏ ਦੋਸ਼ ਗਲਤ ਹਨ।