ਸ਼ਸ਼ੀ ਪਾਲ ਜੈਨ
ਜ਼ਿਲ੍ਹਾ ਪੁਲੀਸ ਨੇ ਜ਼ਮੀਨੀ ਧੋਖਾਧੜੀ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 32.50 ਲੱਖ ਰੁਪਏ ਅਤੇ 5 ਗੱਡੀਆਂ ਬਰਾਮਦ ਕੀਤੀਆਂ ਹਨ। ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਪਿੰਡ ਘੜੂੰਆਂ ਵੱਲੋਂ ਦਰਖਾਸਤ ਦਿੱਤੀ ਗਈ ਸੀ। ਇਸ ਵਿੱਚ ਦੱਸਿਆ ਕਿ ਜਗਦੀਸ਼ ਕੁਮਾਰ ਵਾਸੀ ਪਿੰਡ ਕਲਹੇੜੀ (ਫ਼ਰਜ਼ੀ ਨਾਮ ਜੀਤ ਸਿੰਘ ਵਾਸੀ ਪਿੰਡ ਝੂੰਗੀਆਂ, ਖਰੜ) ਅਤੇ ਅਵਤਾਰ ਸਿੰਘ ਵਾਸੀ ਪਿੰਡ ਦਿਆਲਪੁਰ ਹਾਲ ਵਾਸੀ ਖਰੜ (ਫ਼ਰਜ਼ੀ ਨਾਮ ਬਹਾਦਰ ਸਿੰਘ ਵਾਸੀ ਪਿੰਡ ਲੁਹਾਰ ਮਾਜਰਾ ਕਲਾਂ) ਅਤੇ ਫ਼ਰਜ਼ੀ ਨਾਮ ਗੁਰਮੀਤ ਸਿੰਘ ਵਾਸੀ ਪਿੰਡ ਸੰਤੇ ਮਾਜਰਾ ਖਰੜ ਵੱਲੋਂ ਉਸ ਨੂੰ ਪਿੰਡ ਲੁਹਾਰ ਮਾਜਰਾ ਕਲਾਂ ਵਿੱਚ ਜ਼ਮੀਨ ਵਿਖਾਈ ਗਈ। ਮੁਲਜ਼ਮਾਂ ਨੇ ਆਪਣੇ ਆਪ ਨੂੰ ਜ਼ਮੀਨ ਦਾ ਮਾਲਕ ਦੱਸਦੇ ਹੋਏ, ਉਸ ਨਾਲ ਬਿਆਨਾ ਕਰ ਲਿਆ। ਇਸ ਦੌਰਾਨ ਉਸ ਨੂੰ ਸ਼ੱਕ ਹੋਇਆ ਕਿ ਇਹ ਬਿਆਨਾ ਜਾਅਲੀ ਹੈ। ਇਸ ਬਾਰੇ ਉਸ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ। ਇਸ ਸਬੰਧੀ ਖਰੜ ਸਦਰ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਪੁਲੀਸ ਵੱਲੋਂ ਜਗਦੀਸ਼ ਕੁਮਾਰ ਅਤੇ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਪੁੱਛ ਪੜਤਾਲ ਦੌਰਾਨ ਪੁਲੀਸ ਨੇ ਕੁਲਵਿੰਦਰ ਸਿੰਘ ਉਰਫ ਕਾਲੀ ਵਾਸੀ ਪਿੰਡ ਬਡਵਾਲਾ, ਮਨੀ ਮੋਰਿੰਡਾ, ਗੁਰਭੇਜ ਸਿੰਘ ਅਤੇ ਮੰਗੇ ਨੂੰ ਕੇਸ ਵਿੱਚ ਨਾਮਜ਼ਦ ਕੀਤਾ। ਮੁਲਜ਼ਮਾਂ ਕੋਲੋਂ ਹੌਂਡਾ ਅਮੇਜ਼ ਕਾਰ ਬਰਾਮਦ ਹੋਈ। ਮਗਰੋਂ ਕੇਸ ਦੇ ਮੁਲਜ਼ਮ ਭੁਪੇਸ਼ ਮਹਿਤਾ ਉਰਫ ਮਨੀ ਨੂੰ ਬਰੀਜ਼ਾ ਤੇ ਜਗਦੀਸ਼ ਕੁਮਾਰ ਨੂੰ ਸਕੌਡਾ ਕਾਰ ਸਣੇ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ 32,50,000 ਰੁਪਏ ਦੀ ਰਿਕਵਰੀ ਕਰਵਾਈ ਗਈ। ਗੁਰਬਾਜ ਸਿੰਘ ਉਰਫ ਗੁਰਭੇਜ ਸਿੰਘ ਕਾਰ ਥਾਰ ਸਣੇ ਕਾਬੂ ਕੀਤਾ ਗਿਆ।