ਜ਼ਮੀਨੀ ਵਿਵਾਦ: ਛੋਟੇ ਵੱਲੋਂ ਵੱਡੇ ਭਰਾ ਦੀ ਹੱਤਿਆ
ਇੱਥੋਂ ਦੇ ਪਿੰਡ ਗੁਰਬਖ਼ਸ਼ਪੁਰਾ ‘ਚ ਛੋਟੇ ਭਰਾ ਨੇ ਮਹਿਜ਼ ਸੱਤ ਵਿਸਵੇ ਜਗ੍ਹਾ ਅਤੇ ਉਧਾਰ ਲਏ ਪੰਜਾਹ ਹਜ਼ਾਰ ਰੁਪਏ ਲਈ ਆਪਣੇ ਵੱਡੇ ਭਰਾ ਨੂੰ ਕਥਿਤ ਜਹਾਂਗੀਰ ਨਹਿਰ ਵਿੱਚ ਸੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਹੱਤਿਆ ਕਰਨ ਦੇ ਦੋਸ਼ ਵਿੱਚ ਥਾਣਾ ਸ਼ੇਰਪੁਰ ਦੀ ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ 29 ਅਗਸਤ ਤੱਕ ਪੁਲੀਸ ਰਿਮਾਂਡ ਲਿਆ ਹੈ।
ਇਸ ਸਬੰਧੀ ਥਾਣਾ ਸ਼ੇਰਪੁਰ ਦੇ ਮੁਖੀ ਬਲੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਭੂਆ ਦੇ ਲੜਕੇ ਰਮਨਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਗਾਮੀਵਾਲਾ (ਮਾਨਸਾ) ਨੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ 26 ਅਗਸਤ ਨੂੰ ਉਹ ਆਪਣੇ ਨਾਨਕੇ ਪਿੰਡ ਗੁਰਬਖ਼ਸ਼ਪੁਰਾ ਨੂੰ ਆ ਰਿਹਾ ਸੀ, ਰਸਤੇ ਵਿੱਚ ਖੇੜੀ ਕਲਾਂ ਕੋਲ ਉਸ ਦੇ ਮਾਮੇ ਦਾ ਛੋਟਾ ਲੜਕਾ ਲਾਭ ਸਿੰਘ ਉਸ ਨੂੰ ਮਿਲਿਆ।
ਘਬਰਾਏ ਹੋਏ ਲਾਭ ਸਿੰਘ ਨੇ ਪ੍ਰੀਤ ਨੂੰ ਆਪਣੇ ਵੱਡੇ ਭਰਾ ਜਗਤਾਰ ਸਿੰਘ ਨੂੰ ਨਹਿਰ ਵਿੱਚ ਸੁੱਟਣ ਦੀ ਸਾਰੀ ਘਟਨਾ ਦੱਸੀ। ਪ੍ਰੀਤ ਨੇ ਦੱਸਿਆ ਕਿ ਲਾਭ ਸਿੰਘ ਨੇ ਅਜਿਹਾ ਉਨ੍ਹਾਂ ਦੇ ਘਰ ਦੀ ਸੱਤ ਵਿਸਵੇ ਜਗ੍ਹਾ ਆਪਣੇ ਨਾਂ ਕਰਵਾਉਣ ਲਈ ਕੀਤਾ ਹੈ।
ਇਸ ਮਗਰੋਂ ਪੁਲੀਸ ਨੇ ਮੁਲਜ਼ਮ ਲਾਭ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਤੋਂ ਉਸ ਨੂੰ 29 ਅਗਸਤ ਤੱਕ ਰਿਮਾਂਡ ’ਤੇ ਲੈ ਲਿਆ ਹੈ। ਪੁਲੀਸ ਨੇ ਜਹਾਂਗੀਰ ਨਹਿਰ (ਘਟਨਾ ਸਥਾਨ) ਦਾ ਦੌਰਾ ਕੀਤਾ। ਪੁਲੀਸ ਨੇ ਤਲਵੰਡੀ ਸਾਬੋ ਤੋਂ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਅਤੇ ਲੋੜੀਂਦੀ ਕਾਰਵਾਈ ਕਰਨ ਮਗਰੋਂ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।