ਜ਼ਮੀਨ ਵਿਵਾਦ: ਗੁਰਭੇਜ ਖ਼ੁਦਕੁਸ਼ੀ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀਆਂ ਲਈ ਸੜਕ ਜਾਮ
ਪੁਲੀਸ ’ਤੇ ਜਾਣ-ਬੁੱਝ ਕੇ ਗ੍ਰਿਫਤਾਰੀ ਨਾ ਕਰਨ ਦਾ ਦੋਸ਼
ਇੱਥੇ ਜੱਦੀ ਜ਼ਮੀਨ ਦੇ ਵਿਵਾਦ ਕਾਰਨ ਪਿੰਡ ਕਿੱਲਿਆਂਵਾਲੀ ਦੇ ਗੁਰਭੇਜ ਸਿੰਘ ਭਾਟੀ ਵੱਲੋਂ ਕੀਤੀ ਆਤਮ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਅੱਜ ਮੰਡੀ ਕਿੱਲਿਆਂਵਾਲੀ ਵਿਖੇ ਕੌਮੀ ਸ਼ਾਹਰਾਹ (ਡੱਬਵਾਲੀ-ਮਲੋਟ ਰੋਡ) ’ਤੇ ਇੰਟਰਸਟੇਟ ਪੁਲੀਸ ਨਾਕੇ ਸਾਹਮਣੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ।
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਚਾਰ ਦਿਨ ਬੀਤ ਜਾਣ ਬਾਵਜੂਦ ਮੁਲਜ਼ਮਾਂ ਦੀ ਗ੍ਰਿਫਤਾਰੀ ਜਾਣ-ਬੁੱਝ ਕੇ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਪਰਿਵਾਰ ਉੱਤੇ ਪੋਸਟਮਾਰਟਮ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਮ੍ਰਿਤਕ ਦੀ ਦੇਹ ਬੀਤੇ ਕੱਲ੍ਹ ਤੋਂ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਰੱਖੀ ਹੋਈ ਹੈ।
ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਹਰਪਾਲ ਸਿੰਘ ਨੇ ਦੋਸ਼ ਲਗਾਇਆ ਕਿ ਪੁਲੀਸ ਪ੍ਰਸ਼ਾਸਨ ਜਾਣ-ਬੁੱਝ ਕੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਕੱਦਮਾ ਦਰਜ ਕਰਨ ਮੌਕੇ ਵੀ ਮ੍ਰਿਤਕ ਦੇ ਬਿਆਨਾਂ ਨੂੰ ਨਜ਼ਰਅੰਦਾਜ਼ ਕਰਕੇ ਮੁਲਜਮਾਂ ਨੂੰ ਬਚਾਉਣ ਦੀ ਕਥਿਤ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮੁੱਚਾ ਪਿੰਡ ਪੀੜਤ ਪਰਿਵਾਰ ਦੇ ਖੜ੍ਹਾ ਹੈ ਅਤੇ ਜਦੋਂ ਤੱਕ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਪਰਿਵਾਰ ਪੋਸਟਮਾਰਟਮ ਨਹੀਂ ਹੋਣ ਦੇਵੇਗਾ।
ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਭੇਜ ਸਿੰਘ ਅਤੇ ਉਸ ਦੇ ਤਾਏ ਜਗਰੂਪ ਸਿੰਘ ਵਿਚਕਾਰ ਮੰਡੀ ਕਿੱਲਿਆਂਵਾਲੀ ਵਿੱਚ ਸਥਿਤ ਜੱਦੀ ਬੇਸ਼ਕੀਮਤੀ ਜ਼ਮੀਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਇਸ ਜ਼ਮੀਨ ਦੀ ਕੀਮਤ ਮੌਜੂਦਾ ਸਮੇਂ ਕਰੀਬ ਦੋ ਕਰੋੜ ਰੁਪਏ ਪ੍ਰਤੀ ਏਕੜ ਦੱਸੀ ਜਾ ਰਹੀ ਹੈ। ਦੋਸ਼ ਹੈ ਕਿ ਜਗਰੂਪ ਸਿੰਘ ਨੇ ਵੰਡ ਦੌਰਾਨ ਕਥਿਤ ਧੋਖੇ ਨਾਲ ਪਿਤਾ ਤੋਂ ਇੱਕ ਏਕੜ ਵੱਧ ਜ਼ਮੀਨ ਆਪਣੇ ਨਾਂਅ ਕਰਵਾ ਲਈ ਸੀ।
ਮ੍ਰਿਤਕ ਦੇ ਚਾਚਾ ਸੁਖਮੰਦਰ ਸਿੰਘ ਭਾਟੀ ਨੇ ਦੱਸਿਆ ਕਿ ਗੁਰਭੇਜ ਦੀ ਇਲਾਜ ਦੌਰਾਨ ਬੀਤੀ 11 ਅਕਤੂਬਰ ਨੂੰ ਏਮਜ਼ ਬਠਿੰਡਾ ਵਿੱਚ ਮੌਤ ਹੋਈ, ਪਰ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪੋਸਟਮਾਰਟਮ ਲਈ ਦਬਾਅ ਪਾਇਆ ਜਾ ਰਿਹਾ ਹੈ।
ਮੌਤ ਤੋਂ ਪਹਿਲਾਂ ਗੁਰਭੇਜ ਸਿੰਘ ਨੇ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਆਪਣੇ ਤਾਏ ਜਗਰੂਪ ਸਿੰਘ, ਤਾਈ ਪਰਮਜੀਤ ਕੌਰ ਅਤੇ ਉਨ੍ਹਾਂ ਦੀਆਂ ਦੋ ਧੀਆਂ ਕੁਲਵਿੰਦਰ ਕੌਰ ਤੇ ਬਲਵਿੰਦਰ ਕੌਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਛਾਪੇ ਮਾਰੇ ਜਾ ਰਹੇ ਹਨ: ਥਾਣਾ ਮੁਖੀ
ਥਾਣਾ ਕਿੱਲਿਆਂਵਾਲੀ (ਆਰਜੀ) ਦੀ ਮੁਖੀ ਕਰਮਜੀਤ ਕੌਰ ਨੇ ਸਮੂਹ ਦੋਸ਼ਾਂ ਨੂੰ ਖਾਰਜ ਕਰਦੇ ਕਿਹਾ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਸਰਗਰਮੀ ਨਾਲ ਛਾਪੇ ਮਾਰੇ ਜਾ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ।