ਕੌਮੀ ਸ਼ਾਹ ਰਾਹ ਨੰਬਰ 54 (ਅੰਮ੍ਰਿਤਸਰ-ਬਠਿੰਡਾ ਸੈਕਸ਼ਨ) ’ਤੇ ਤੈਅ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਰੋਸ ਵਜੋਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਅੱਜ ਸਵੇਰੇ 10 ਵਜੇ ਤੋਂ ਕੋਟ ਕਰੋੜ ਕਲਾਂ ਟੌਲ ਪਲਾਜ਼ਾ ਅਣਮਿਥੇ ਸਮੇਂ ਲਈ ਪਰਚੀ ਮੁਕਤ ਕਰ ਦਿੱਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਨੇ ਦੱਸਿਆ ਕਿ ਮਖੂ ਤੋਂ ਫ਼ਰੀਦਕੋਟ ਤੱਕ ਉਕਤ ਕੌਮੀ ਮਾਰਗ ਅਤੇ ਟੌਲ ਪਲਾਜ਼ਾ 'ਤੇ ਟੌਲ ਫ਼ੀਸ ਤਾਰਨ ਦੇ ਬਾਵਜੂਦ ਰਾਹਗੀਰਾਂ ਨੂੰ ਤੈਅ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਹਰੀਕੇ ਪੁਲ ਤੋਂ ਨਾਜਾਇਜ਼ ਕਬਜ਼ੇ ਛਡਵਾਉਣ ਦਾ ਕਥਿਤ ਡਰਾਮਾ ਕਰਕੇ ਮੁੜ ਤੋਂ ਕਬਜ਼ੇ ਕਰਵਾ ਦਿੱਤੇ ਗਏ ਹਨ। ਮਖੂ ਰੇਲਵੇ ਫਾਟਕਾਂ 'ਤੇ ਫਲਾਈਓਵਰ ਨਾ ਹੋਣ ਕਰਕੇ ਉੱਥੇ ਘੰਟਿਆਂ ਬੱਧੀ ਜਾਮ ਲੱਗਾ ਰਹਿੰਦਾ ਹੈ। ਤਲਵੰਡੀ ਭਾਈ ਵਿਖੇ ਬਣਾਇਆ ਗਿਆ 'ਟਰੱਕ ਲੇ ਬਾਏ' ਚਾਲੂ ਨਾ ਹੋਣ ਕਾਰਨ ਇਹ ਚੋਰਾਂ, ਲੁਟੇਰਿਆਂ ਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਸਲਿਆਂ ਸਬੰਧੀ ਸਬੰਧਤ ਵਿਭਾਗ ਨੂੰ ਜਾਣੂੰ ਕਰਵਾਏ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਧਰਨੇ ਵਿੱਚ ਜਥੇਬੰਦੀ ਦੇ ਸੂਬਾ ਸਕੱਤਰ ਭੁਪਿੰਦਰ ਸਿੰਘ ਔਲਖ, ਪ੍ਰੈੱਸ ਸਕੱਤਰ ਗੈਰੀ ਬੰਡਾਲਾ, ਕੋਰ ਕਮੇਟੀ ਮੈਂਬਰ ਜਸਵੀਰ ਸਿੰਘ ਸੰਧੂ, ਸੂਬਾ ਮੀਤ ਪ੍ਰਧਾਨ ਲਖਵਿੰਦਰ ਸਿੰਘ ਕਰਮੂਵਾਲਾ, ਜ਼ਿਲ੍ਹਾ ਫ਼ਰੀਦਕੋਟ ਪ੍ਰਧਾਨ ਰਾਜਵੀਰ ਸਿੰਘ ਗਿੱਲ ਸੰਧਵਾਂ, ਪਿੰਡ ਠੇਠਰ ਖ਼ੁਰਦ ਦੇ ਸਰਪੰਚ ਤੇ ਬਲਾਕ ਤਲਵੰਡੀ ਭਾਈ ਦੇ ਪ੍ਰਧਾਨ ਸਿਮਰਜੀਤ ਸਿੰਘ, ਘੱਲ ਖ਼ੁਰਦ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਗਿੱਲ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਰਜੀਤ ਸਿੰਘ, ਨਿਹਾਲ ਸਿੰਘ ਵਾਲਾ ਬਲਾਕ ਪ੍ਰਧਾਨ ਰਾਜਵੀਰ ਸਿੰਘ ਰੌਂਤਾ, ਕੋਟ ਕਰੋੜ ਕਲਾਂ ਇਕਾਈ ਪ੍ਰਧਾਨ ਲਖਵਿੰਦਰ ਸਿੰਘ, ਬਲਾਕ ਕੋਟਕਪੂਰਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਜ਼ਿਲ੍ਹਾ ਸਕੱਤਰ ਸੁਖਚੈਨ ਸਿੰਘ ਬੰਡਾਲਾ ਤੇ ਵੱਡੀ ਗਿਣਤੀ ਕਾਰਕੁਨਾਂ ਨੇ ਸ਼ਮੂਲੀਅਤ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਏਐੱਚਐੱਮਈ ਸ੍ਰੀ ਆਸ਼ੂ ਨੇ ਕਿਹਾ ਕਿ ਕਿਸਾਨ ਜਥੇਬੰਦੀ ਵੱਲੋਂ ਚੁੱਕੇ ਮਸਲਿਆਂ ਵਿੱਚੋਂ ਕਈਆਂ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਰਹਿੰਦੇ ਮਸਲੇ ਜਲਦੀ ਹੀ ਨਿਪਟਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਨੂੰ ਭਰੋਸੇ ਵਿੱਚ ਲੈ ਕੇ ਧਰਨਾ ਸਮਾਪਤ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।