ਮਜ਼ਦੂਰ ਨੂੰ 36 ਕਰੋੜ ਟੈਕਸ ਜੁਰਮਾਨੇ ਦਾ ਨੋਟਿਸ
ਇਥੇ ਝੌਪੜੀ ਵਿੱਚ ਰਹਿੰਦੇ ਮਜ਼ਦੂਰ ਨੂੰ ਅੱਜ ਕਰ ਅਤੇ ਆਬਕਾਰੀ ਵਿਭਾਗ, ਸਟੇਟ ਟੈਕਸ ਅਫ਼ਸਰ ਲੁਧਿਆਣਾ-1 ਦੇ ਦਸਤਖ਼ਤਾਂ ਹੇਠ 36 ਕਰੋੜ ਟੈਕਸ ਜੁਰਮਾਨੇ ਦਾ ਨੋਟਿਸ ਮਿਲਣ ਨਾਲ ਉਸ ਦੇ ਹੋਸ਼ ਉੱਡ ਗਏ। ਨੌਸਰਬਾਜ਼ਾਂ ਨੇ ਮਜ਼ਦੂਰ ਦੇ ਆਧਾਰ ਕਾਰਡ ’ਤੇ ਜਾਅਲਸਾਜ਼ੀ ਨਾਲ...
ਇਥੇ ਝੌਪੜੀ ਵਿੱਚ ਰਹਿੰਦੇ ਮਜ਼ਦੂਰ ਨੂੰ ਅੱਜ ਕਰ ਅਤੇ ਆਬਕਾਰੀ ਵਿਭਾਗ, ਸਟੇਟ ਟੈਕਸ ਅਫ਼ਸਰ ਲੁਧਿਆਣਾ-1 ਦੇ ਦਸਤਖ਼ਤਾਂ ਹੇਠ 36 ਕਰੋੜ ਟੈਕਸ ਜੁਰਮਾਨੇ ਦਾ ਨੋਟਿਸ ਮਿਲਣ ਨਾਲ ਉਸ ਦੇ ਹੋਸ਼ ਉੱਡ ਗਏ। ਨੌਸਰਬਾਜ਼ਾਂ ਨੇ ਮਜ਼ਦੂਰ ਦੇ ਆਧਾਰ ਕਾਰਡ ’ਤੇ ਜਾਅਲਸਾਜ਼ੀ ਨਾਲ ਪੈਨ ਤਿਆਰ ਕਰ ਕੇ ਲੁਧਿਆਣਾ ਵਿੱਚ ਫਰਮ ਬਣਾਈ ਹੋਈ ਹੈ। ਪੈਨ ਕਾਰਡ ’ਤੇ ਮਜ਼ਦੂਰ ਦੇ ਅੰਗਰੇਜ਼ੀ ਵਿੱਚ ਦਸਖ਼ਤ ਹਨ, ਜਦੋਂ ਕਿ ਉਹ ਅਨਪੜ੍ਹ ਹੈ। ਡੀ ਐੱਸ ਪੀ ਸਿਟੀ ਗੁਰਪ੍ਰੀਤ ਸਿੰਘ ਅਤੇ ਥਾਣਾ ਸਿਟੀ ਦੱਖਣੀ ਮੁਖੀ ਭਲਵਿੰਦਰ ਸਿੰਘ ਨੇ ਪੀੜਤ ਮਜ਼ਦੂਰ ਅਜਮੇਰ ਸਿੰਘ ਵੱਲੋਂ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਮਜ਼ਦੂਰ ਦੇ ਦਸਤਾਵੇਜ਼ਾਂ ਨਾਲ ਜਾਅਲੀ ਫਰਮ ਬਣਾ ਕੇ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਅਤੇ ਹਲਕੇ ਦੇ ਕੌਂਸਲਰ ਜਗਜੀਤ ਸਿੰਘ ਜੀਤਾ ਨੇ ਦੱਸਿਆ ਕਿ ਕੋਵਿਡ-19 ਵੇਲੇ ਮੁਹੱਲੇ ਵਿੱਚ ਕੁਝ ਅਣਪਛਾਤੇ ਵਿਅਕਤੀ ਰਾਸ਼ਨ ਵੰਡਣ ਆਉਂਦੇ ਸਨ। ਉਸ ਵੇਲੇ ਉਨ੍ਹਾਂ ਨੇ ਆਧਾਰ ਕਾਰਡ ਲਿਆ ਸੀ। ਕਰੀਬ 2 ਸਾਲ ਪਹਿਲਾਂ ਵੀ ਟੈਕਸ ਵਿਭਾਗ ਦਾ ਨੋਟਿਸ ਆਇਆ ਤਾਂ ਉਨ੍ਹਾਂ ਲੁਧਿਆਣਾ ਦਫ਼ਤਰ ਜਾ ਕੇ ਸਪੱਸ਼ਟ ਕੀਤਾ ਸੀ ਕਿ ਉਹ ਅਨਪੜ੍ਹ ਹੈ ਉਸ ਦੀ ਕੋਈ ਫਰਮ ਨਹੀਂ ਹੈ। ਹੁਣ ਸੂਬੇ ਦੇ ਕਰ ਤੇ ਆਬਕਾਰੀ ਵਿਭਾਗ ਸਟੇਟ ਟੈਕਸ ਅਫ਼ਸਰ ਲੁਧਿਆਣਾ-1 ਦੇ ਦਸਤਖ਼ਤਾਂ ਹੇਠ 10 ਨਵੰਬਰ ਨੂੰ ਜਾਰੀ 35 ਕਰੋੜ 71 ਲੱਖ 91 ਹਜ਼ਾਰ 883 ਰੁਪਏ ਟੈਕਸ ਜੁਰਮਾਨੇ ਨੋਟਿਸ ਮਿਲਿਆ ਤਾਂ ਉਸ ਦੇ ਹੋਸ਼ ਉੱਡ ਗਏ। ਆਧਾਰ ਕਾਰਡ ਰਾਹੀਂ ਜਾਅਲੀ ਪੈਨ ਕਾਰਡ ਬਣਾ ਕੇ ਕਰੋੜਾਂ ਦਾ ਘਪਲਾ ਕੀਤਾ ਗਿਆ ਹੈ। ਇਸ ਮਾਮਲੇ ਨੂੰ ਸਿਟੀ ਪੁਲੀਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

