ਮਜ਼ਦੂਰ ਆਗੂ ਬਿੱਕਰ ਸਿੰਘ ਹਥੋਆ ਰਿਹਾਅ
ਪੁਲੀਸ ਨੇ 13 ਜੂਨ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਜਾਂਦਿਆਂ ਕੀਤਾ ਸੀ ਗ੍ਰਿਫ਼ਤਾਰ; ਪਿੰਡ ਪਹੁੰਚਣ ’ਤੇ ਸਵਾਗਤ
ਮਾਲਵਾ ਖਿੱਤੇ ’ਚ ਬੇਜ਼ਮੀਨੇ ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਜੋ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿੱਚ ਬੰਦ ਸਨ, ਨੂੰ 128 ਦਿਨਾਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਅੱਜ ਪਿੰਡ ਹਥੋਆ ਪਹੁੰਚਣ ’ਤੇ ਪਿੰਡ ਦੀ ਪੰਚਾਇਤ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਤੇ ਵਾਲੰਟੀਅਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਸੰਗਰੂਰ ਪੁਲੀਸ ਨੇ 13 ਜੂਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਦੇ ਸੱਦੇ ’ਤੇ ਸੰਗਰੂਰ ਜਾ ਰਹੇ ਮਜ਼ਦੂਰ ਨੇਤਾ ਹਥੋਆ ਨੂੰ ਸੁਨਾਮ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਸੀ।
ਪਿੰਡ ਹਥੋਆ ਦੇ ਗੁਰਦੁਆਰੇ ’ਚ ਮਜ਼ਦੂਰ ਆਗੂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਪੀ ਐੱਸ ਯੂ ਆਗੂ ਸੁਖਦੀਪ ਸਿੰਘ ਹਥਨ ਨੇ ਕਿਹਾ ਕਿ ਲੋਕ ਆਗੂਆਂ ਨੂੰ ਪੁਲੀਸ ਗ੍ਰਿਫ਼ਤਾਰੀਆਂ ਅਤੇ ਜੇਲ੍ਹਾਂ ਕਦੇ ਵੀ ਸੰਘਰਸ਼ ਦੇ ਰਾਹਾਂ ਤੋਂ ਥਿੜਕਾ ਨਹੀਂ ਸਕਦੀਆਂ। ਵਰਨਣਯੋਗ ਹੈ ਕਿ ਬਿੱਕਰ ਸਿੰਘ ਹਥੋਆ ਨੂੰ 17 ਸਤੰਬਰ ਨੂੰ ਉਸ ਦੇ ਪਿਤਾ ਦੇ ਅੰਤਿਮ ਸਸਕਾਰ ਅਤੇ ਫਿਰ ਅੰਤਿਮ ਅਰਦਾਸ ਮੌਕੇ ਪੁਲੀਸ ਵੱਲੋਂ ਹੱਥਕੜੀ ਲਾਉਣ ਦੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ (ਪੀ ਐੱਚ ਆਰ ਓ) ਅਤੇ ਹੋਰ ਮਾਨਵੀ ਅਧਿਕਾਰ ਸੰਸਥਾਵਾਂ ਨੇ ਸਖਤ ਆਲੋਚਨਾ ਕੀਤੀ ਸੀ।