ਗੁਰਦੀਪ ਸਿੰਘ ਲਾਲੀ
ਸੈਂਟਰ ਆਫ ਇੰਡੀਆ ਟਰੇਡ ਯੂਨੀਅਨਜ਼ (ਸੀਟੂ) ਦਾ ਦੋ ਰੋਜ਼ਾ ਸੂਬਾਈ ਡੈਲੀਗੇਟ ਇਜਲਾਸ ਇਨਕਲਾਬੀ ਨਾਅਰਿਆਂ ਦੀ ਗੂੰਜ ਨਾਲ ਸਮਾਪਤ ਹੋ ਗਿਆ, ਜਿਸ ਵਿੱਚ ਚੰਦਰ ਸ਼ੇਖਰ ਨੂੰ ਸੂਬਾ ਪ੍ਰਧਾਨ, ਮਹਾਂ ਸਿੰਘ ਰੌੜੀ ਨੂੰ ਸੂਬਾ ਜਨਰਲ ਸਕੱਤਰ ਅਤੇ ਸੁਖਵਿੰਦਰ ਸਿੰਘ ਲੋਟੇ ਨੂੰ ਸਰਬਸੰਮਤੀ ਨਾਲ ਖ਼ਜ਼ਾਨਚੀ ਚੁਣਿਆ ਗਿਆ। ਇਜਲਾਸ ਵਿੱਚ ਵਿਸ਼ੇਸ਼ ਤੌਰ ’ਤੇ ਸੀਟੂ ਦੇ ਕੌਮੀ ਜਨਰਲ ਸਕੱਤਰ ਤਪਨ ਸੇਨ, ਕੌਮੀ ਪ੍ਰਧਾਨ ਹੇਮ ਲਤਾ ਅਤੇ ਕੌਮੀ ਸਕੱਤਰ ਊਸ਼ਾ ਰਾਣੀ ਸ਼ਾਮਲ ਹੋਏ। ਇਜਲਾਸ ਦਾ ਆਗਾਜ਼ ਸੀਟੂ ਪੰਜਾਬ ਦੇ ਪ੍ਰਧਾਨ ਮਹਾਂ ਸਿੰਘ ਰੌੜੀ ਵੱਲੋਂ ਝੰਡਾ ਲਹਿਰਾਉਣ ਉਪਰੰਤ ਸਵਾਗਤੀ ਕਮੇਟੀ ਦੇ ਚੇਅਰਮੈਨ ਕਿਸਾਨ ਆਗੂ ਮੇਜਰ ਸਿੰਘ ਪੁੰਨਾਂਵਾਲ ਦੇ ਭਾਸ਼ਣ ਨਾਲ ਹੋਇਆ। ਇਜਲਾਸ ’ਚ ਕੌਮੀ ਜਲਰਲ ਸਕੱਤਰ ਤਪਨ ਸੇਨ ਨੇ ਕਿਹਾ ਕਿ ਅੱਜ ਦੇਸ਼ ਭਰ ਦੀ ਮਜ਼ਦੂਰ ਜਮਾਤ ਬਹੁਤ ਹੀ ਔਖੇ ਦੌਰ ’ਚੋਂ ਲੰਘ ਰਹੀ ਹੈ। ਕੇਂਦਰ ਸਰਕਾਰ ਜਨਤਕ ਅਦਾਰੇ ਆਪਣੇ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਦੇਣ ਤੋਂ ਬਾਅਦ ਹੁਣ ਮਜ਼ਦੂਰ ਜਮਾਤ ਦਾ ਸ਼ੋਸ਼ਣ ਕਰਨ ਲਈ ਕਾਨੂੰਨੀ ਰਾਹ ਪੱਧਰਾ ਕਰ ਰਹੀ ਹੈ। ਚਾਰ ਲੇਬਰ ਕੋਡ ਬੰਧੂਆਂ ਮਜ਼ਦੂਰ ਬਣਾਉਣ ਵਾਲੇ ਹਨ। ਬਿਜਲੀ ਸੋਧ ਬਿੱਲ ਵੀ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਵਾਲਾ ਹੈ। ਸੀਟੂ ਵੱਲੋਂ ਚਾਰੋਂ ਲੇਬਰ ਕੋਡ ਤੇ ਬਿਜਲੀ ਸੋਧ ਬਿੱਲ ਵਾਪਸ ਕਰਵਾਉਣ ਤੱਕ ਜੰਗ ਜਾਰੀ ਰੱਖੀ ਜਾਵੇਗੀ। ਸੀਟੂ ਪੰਜਾਬ ਦੇ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਅਤੇ ਜਥੇਬੰਦਕ ਰਿਪੋਰਟ ਪੜ੍ਹੀ, ਜਿਸ ਨੂੰ ਬਹਿਸ ਤੋਂ ਬਾਅਦ ਪਾਸ ਕੀਤਾ ਗਿਆ। ਲੋਕ ਪੱਖੀ ਤੇ ਕਿਸਾਨ-ਮਜ਼ਦੂਰਾਂ ਦੇ ਹੱਕ ਵਿੱਚ ਮਤੇ ਵੀ ਪਾਸ ਕੀਤੇ ਗਏ। ਇਜਲਾਸ ਦੌਰਾਨ ਸੀਟੂ ਦੇ ਸੂਬਾ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਤੋਂ ਇਲਾਵਾ 63 ਮੈਂਬਰੀ ਸੂਬਾ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਗਿਆ, ਜਿਸ ਦੇ 29 ਅਹੁਦੇਦਾਰਾਂ ’ਚੋਂ 27 ਮੌਕੇ ’ਤੇ ਹੀ ਨਿਯੁਕਤ ਕੀਤੇ ਗਏ। ਸੀਟੂ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਔਲਖ ਨੇ ਸਾਰਿਆਂ ਦਾ ਧੰਨਵਾਦ ਕੀਤਾ।

