DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਾਣੋ ਕੌਣ ਹੈ ਬਾਬਾ ਸਿੱਦੀਕੀ ਹੱਤਿਆ ਮਾਮਲੇ ਵਿਚ ਸ਼ਾਮਲ ਕੈਥਲ ਦਾ ਗੁਰਮੇਲ ਸਿੰਘ

Baba Siddique murder: ਸਾਡੇ ਲਈ ਉਹ ਪਹਿਲਾਂ ਹੀ ਮਰ ਚੁੱਕਾ ਹੈ: ਦਾਦੀ ਫੁੂਲੀ ਦੇਵੀ
  • fb
  • twitter
  • whatsapp
  • whatsapp
Advertisement

ਰਾਮ ਕੁਮਾਰ ਮਿੱਤਲ

ਗੂਹਲਾ ਚੀਕਾ 14, ਅਕਤੂਬਰ

Advertisement

Baba Siddique murder:  ਸਿਆਸਤ ਅਤੇ ਬਾਲੀਵੁੱਡ ਵਿਚ ਚੰਗਾ ਰਸੂਖ਼ ਰੱਖਣ ਵਾਲੇ ਐੱਨਸੀਪੀ ਆਗੂ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਗੈਂਗਸਟਰਵਾਦ ਇੱਕ ਵਾਰ ਫਿਰ ਤੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਸ ਮਾਮਲੇ ਵਿਚ ਕੈਥਲ ਦੇ ਪਿੰਡ ਨਰੜ ਦਾ 23 ਸਾਲਾ ਗੁਰਮੇਲ ਸਿੰਘ ਸ਼ਾਮਲ ਹੈ। ਜਦੋਂ ‘ਪੰਜਾਬੀ ਟ੍ਰਿਬਿਊਨ’ ਨੇ ਗੁਰਮੇਲ ਸਿੰਘ ਦੇ ਇਥੇ ਸਥਿਤ ਘਰ ਪਹੁੰਚ ਕੀਤੀ ਤਾਂ ਗੁਰਮੇਲ ਦੀ 70 ਸਾਲਾ ਦਾਦੀ ਫੁੂਲੀ ਦੇਵੀ ਅਤੇ ਛੋਟਾ ਭਰਾ ਉਥੇ ਮੌਜੂਦ ਸਨ ਵਿੱਚ ਹਨ। ਇਸ ਮੌਕੇ ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਗੁਰਮੇਲ ਸਿੰਘ ਦੇ ਮਾਤਾ ਪਿਤਾ ਇਸ ਦੁਨੀਆ ਵਿਚ ਨਹੀਂ ਹਨ।

ਗੱਲਬਾਤ ਕਰਨ ’ਤੇ ਉਸਦੀ ਦਾਦੀ ਫੂਲੀ ਦੇਵੀ ਨੇ ਕਿਹਾ ‘‘ਗੁਰਮੇਲ ਤਾਂ ਕਦੇ ਤਿਉਹਾਰਾਂ ’ਤੇ ਵੀ ਘਰ ਨਹੀਂ ਆਉਂਦਾ, ਸਾਡੇ ਲਈ ਉਹ ਪਹਿਲਾਂ ਹੀ ਮਰ ਚੁੱਕਾ ਹੈ, ਜੇ ਉਹ ਗਲਤ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਸ਼ਰੇਆਮ ਗੋਲੀ ਮਾਰ ਦਿਉ।’’

ਗੁਰਮੇਲ ਨੇ 31 ਮਈ 2019 ਨੂੰ ਕੈਥਲ ਦੇ ਸ਼੍ਰੀ ਗਿਆਰਾ ਰੁਦਰੀ ਮੰਦਿਰ ਨੇੜੇ ਪਿੰਡ ਦੇ ਸੁਨੀਲ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਗੁਰਮੇਲ ਖ਼ਿਲਾਫ਼ ਥਾਣਾ ਸਿਟੀ ਵਿੱਚ ਪਹਿਲਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਕਤਲ ਕੇਸ ਵਿੱਚ ਗੁਰਮੇਲ ਕੈਥਲ ਜੇਲ੍ਹ ਵਿੱਚ ਬੰਦ ਰਹਿ ਚੁੱਕਾ ਹੈ।

ਕਤਲ ਮਾਮਲੇ ਸਮੇਤ ਤਿੰਨ ਕੇਸ ਦਰਜ

25 ਮਾਰਚ 2022 ਨੂੰ ਜੇਲ੍ਹ ਵਿੱਚ ਗੁਰਮੇਲ ਤੋਂ ਫ਼ੋਨ ਮਿਲਣ ਕਾਰਨ ਉਸ ’ਤੇ ਇਕ ਹੋਰ ਕੇਸ ਦਰਜ ਹੋਇਆ। ਗੁਰਮੇਲ ਨੂੰ ਕਤਲ ਕੇਸ ਵਿੱਚ 7 ਜੁਲਾਈ 2023 ਨੂੰ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲੀ ਸੀ। ਪਰ ਉਹ ਜ਼ਮਾਨਤ ਤੋਂ ਬਾਅਦ ਵੀ ਉਹ ਨਾ ਘਰ ਆਇਆ ਅਤੇ ਨਾ ਹੀ ਮੁੜ ਅਦਾਲਤ ਗਿਆ ਅਤੇ ਪੇਸ਼ ਨਾ ਹੋਣ ਕਾਰਨ ਉਸ ਦੀ ਜ਼ਮਾਨਤ ਰੱਦ ਕਰਦਿਆਂ ਅਦਾਲਤ ਵੱਲੋਂ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ। ਇਸੇ ਵਰ੍ਹੇ 12 ਅਗਸਤ ਨੂੰ ਪਿੰਡ ਸੇਗਾ ਦੇ ਰਹਿਣ ਵਾਲੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਗੁਰਮੇਲ ਖ਼ਿਲਾਫ਼ ਥਾਣਾ ਤਿਤਾਰਾਮ ਵਿੱਚ ਤੀਜਾ ਕੇਸ ਦਰਜ ਕੀਤਾ ਗਿਆ ਸੀ।

ਸਾਡੀ ਤਾਂ ਇੱਜ਼ਤ ਮਿੱਟੀ ਹੋ ਗਈ: ਦਾਦੀ ਫੂਲੀ ਦੇਵੀ

ਗੁਰਮੇਲ ਦੀ ਦਾਦੀ ਫੂਲੀ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਵਾਰ ਉਹ ਕਰੀਬ ਚਾਰ ਮਹੀਨੇ ਪਹਿਲਾਂ ਘਰ ਆਇਆ ਸੀ, ਉਸ ਸਮੇਂ ਉਹ (ਫੂਲੀ) ਘਰ ਨਹੀਂ ਸੀ। ਉਸ ਕੋਲ ਗੁਰਮੇਲ ਦਾ ਫ਼ੋਨ ਨੰਬਰ ਵੀ ਨਹੀਂ ਹੈ ਅਤੇ ਨਾ ਹੀ ਉਹ ਕਦੇ ਉਸ ਨਾਲ ਫ਼ੋਨ 'ਤੇ ਗੱਲ ਕਰਦਾ ਹੈ। ਦਾਦੀ ਨੇ ਕਿਹਾ ਕਿ ਗੁਰਮੇਲ ਨੇ ਉਸ ਦੀ ਇੱਜ਼ਤ ਮਿੱਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 3000 ਰੁਪਏ ਦੀ ਪੈਨਸ਼ਨ ’ਤੇ ਔਖੇ-ਸੌਖੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ।

ਗੁਰਮੇਲ ਭਰਾ ਨੇ ਦੱਸਿਆ ਕਿ ਜਦੋਂ ਉਹ ਚਾਰ ਮਹੀਨੇ ਪਹਿਲਾਂ ਘਰ ਆਇਆ ਸੀ ਤਾਂ ਇਹ ਕਹਿ ਕਿ ਗਿਆ ਸੀ ਕਿ ਉਹ ਹਰਿਦੁਆਰ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਨਾ ਤਾਂ ਘਰ ਆਇਆ ਅਤੇ ਨਾ ਹੀ ਕੋਈ ਸੰਪਰਕ ਹੋਇਆ।

ਜ਼ਮਾਨਤ ਤੋਂ ਬਾਅਦ ਉਹ ਕਿੱਥੇ ਰਿਹਾ, ਕਿਸੇ ਨੂੰ ਕੋਈ ਜਾਣਕਾਰੀ ਨਹੀਂ

ਕਤਲ ਕੇਸ ਵਿੱਚ ਗੁਰਮੇਲ ਦੀ ਜ਼ਮਾਨਤ ਉਸ ਦੇ ਨਾਨੇ 80 ਸਾਲਾ ਜ਼ਿਲੇ ਸਿੰਘ ਵਾਸੀ ਪਿੰਡ ਹਾਬੜੀ ਨੇ ਕਰਵਾ ਲਈ ਸੀ। ਸਾਲ 2020-21 ਵਿੱਚ ਪੰਜਾਬ ਦਾ ਇੱਕ ਗੈਂਗਸਟਰ ਕੈਥਲ ਜੇਲ੍ਹ ਵਿੱਚ ਆਇਆ ਸੀ। ਪੁਲੀਸ ਨੂੰ ਸ਼ੱਕ ਹੈ ਕਿ ਗੁਰਮੇਲ ਉਸੇ ਸਮੇਂ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਆਇਆ ਹੋ ਸਕਦਾ ਹੈ, ਕੋਈ ਨਹੀਂ ਜਾਣਦਾ ਕਿ ਉਹ ਜ਼ਮਾਨਤ ਤੋਂ ਬਾਅਦ ਵੀ ਕਿੱਥੇ ਰਿਹਾ। ਹਾਲਾਂਕਿ ਸਥਾਨਕ ਪੁਲੀਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਮਾਮਲੇ ਸਬੰਧੀ ਕੈਥਲ ਦੇ ਐੱਸਪੀ ਰਾਜੇਸ਼ ਕਾਲੀਆ ਨੇ ਕਿਹਾ ਕਿ ਪਿੰਡ ਨਰੜ ਦੇ ਰਹਿਣ ਵਾਲੇ ਗੁਰਮੇਲ ਦੇ ਮੁੰਬਈ ਕਤਲ ਕੇਸ ਵਿੱਚ ਸ਼ਾਮਲ ਹੋਣ ਦੀ ਸੂਚਨਾ ਮਿਲੀ ਹੈ। ਪੁਲੀਸ ਸਥਾਨਕ ਪੱਧਰ ’ਤੇ ਗੁਰਮੇਲ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਮੁੰਬਈ ਪੁਲੀਸ ਇੱਥੇ ਜਾਂਚ ਲਈ ਆਉਂਦੀ ਹੈ ਤਾਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

Baba Siddique murder

Advertisement
×