ਕੇ ਐੱਮ ਐੱਮ ਵੱਲੋਂ ਅੱਜ ਰੋਕੀਆਂ ਜਾਣਗੀਆਂ ਰੇਲਾਂ
ਬਾਅਦ ਦੁਪਹਿਰ ਇਕ ਤੋਂ ਤਿੰਨ ਵਜੇ ਤੱਕ ਲਗਾਇਆ ਜਾਵੇਗਾ ਸੰਕੇਤਕ ਰੇਲ ਰੋਕੋ ਮੋਰਚਾ
ਜਗਤਾਰ ਸਿੰਘ ਲਾਂਬਾ
ਬਿਜਲੀ ਨਿਗਮ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਮਨਸ਼ਾ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਪੰਜਾਬ ਵੱਲੋਂ 19 ਜ਼ਿਲ੍ਹਿਆਂ ਵਿੱਚ 26 ਥਾਵਾਂ ’ਤੇ ਇਸ ਬਿੱਲ ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਵਾਉਣ, ਵੱਖ ਵੱਖ ਅਦਾਰਿਆਂ ਦੀਆਂ ਜਾਇਦਾਦਾਂ ਸਰਕਾਰ ਵੱਲੋਂ ਜਬਰੀ ਵੇਚਣ ਦੇ ਵਿਰੋਧ ਅਤੇ ਹੋਰ ਮਸਲਿਆਂ ਦੇ ਸਬੰਧ ਵਿੱਚ ਭਲਕੇ 5 ਦਸੰਬਰ ਨੂੰ ਬਾਅਦ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਦੋ ਘੰਟੇ ਦਾ ਸੰਕੇਤਕ ਰੇਲ ਰੋਕੋ ਮੋਰਚਾ ਲਗਾਇਆ ਜਾਵੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨੂੰ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਇਸ ਬਿੱਲ ’ਤੇ ਕੇਂਦਰ ਸਰਕਾਰ ਨੂੰ ਕੋਈ ਵੀ ਇਤਰਾਜ਼ ਦਰਜ ਨਹੀਂ ਕਰਵਾਇਆ। ਇਸ ਦਾ ਮਤਲਬ ਸਾਫ਼ ਹੈ ਕਿ ਪੰਜਾਬ ਸਰਕਾਰ ਨੇ ਕੁਰਸੀ ਦੀ ਸਲਾਮਤੀ ਖਾਤਰ ਕੇਂਦਰ ਸਰਕਾਰ ਸਾਹਮਣੇ ਗੋਡੇ ਟੇਕ ਦਿੱਤੇ ਹਨ। ਪੰਜਾਬ ਦੇ ਲੋਕ ਚੁੱਪ ਨਹੀਂ ਬੈਠਣਗੇ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਹੋਸ਼ ਵਿੱਚ ਲਿਆਉਣ ਲਈ ਲੱਖਾਂ ਲੋਕ ਇਸ ਬਿੱਲ ਦੇ ਖ਼ਿਲਾਫ਼ ਵੱਖ ਵੱਖ ਥਾਵਾਂ ’ਤੇ ਰੇਲਾਂ ਦਾ ਪਹੀਆ ਜਾਮ ਕਰਨਗੇ। ਭਲਕੇ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ਦੇ ਦੇਵੀਦਾਸਪੁਰਾ ਅਤੇ ਕੱਥੂਨੰਗਲ ਸਟੇਸ਼ਨ, ਅੰਮ੍ਰਿਤਸਰ-ਜੰਮੂ ਕਸ਼ਮੀਰ ਰੇਲ ਮਾਰਗ, ਪਰਮਾਨੰਦ ਫਾਟਕ, ਰੇਲਵੇ ਸਟੇਸ਼ਨ ਤਰਨ ਤਾਰਨ, ਫਿਰੋਜ਼ਪੁਰ ’ਚ ਬਸਤੀ ਟੈਂਕਾਂ ਵਾਲੀ ਤੇ ਮੱਲਾਂ ਵਾਲਾ ਅਤੇ ਤਲਵੰਡੀ ਭਾਈ, ਡੰਡੀ ਵਿੰਡ ਨੇੜੇ ਸੁਲਤਾਨਪੁਰ ਲੋਧੀ, ਜਲੰਧਰ ਕੈਂਟ, ਟਾਂਡਾ ਅਤੇ ਪੁਰਾਣਾ ਭੰਗਾਲਾ ਰੇਲਵੇ ਸਟੇਸ਼ਨ, ਸ਼ੰਭੂ ਅਤੇ ਬਾੜਾ (ਨਾਭਾ), ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਵਿਖੇ ਰੇਲਾਂ ਰੋਕ ਕੇ ਸਰਕਾਰ ਦੇ ਫੈਸਲੇ ਖਿਲਾਫ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ।

