ਕਿਸਾਨ ਮਜ਼ਦੂਰ ਮੋਰਚੇ ਵੱਲੋਂ ਡੀਸੀਜ਼ ਨੂੰ ਮੰਗ ਪੱਤਰ ਦੇਣ ਦਾ ਐਲਾਨ
5 ਦਸੰਬਰ ਨੂੰ ਸੰਕੇਤਕ ਰੇਲ ਰੋਕੋ ਧਰਨਾ ਦੇਣ ਦਾ ਫ਼ੈਸਲਾ
ਕਿਸਾਨ ਮਜਦੂਰ ਮੋਰਚਾ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ 1 ਦਸੰਬਰ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਅਤੇ 5 ਦਸੰਬਰ ਨੂੰ 2 ਘੰਟੇ ਦਾ ਸੰਕੇਤਕ ਰੇਲ ਰੋਕੋ ਧਰਨਾ ਦਿੱਤਾ ਜਾਵੇਗਾ। ਅੱਜ ਇੱਥੇ ਜਥੇਬੰਦੀ ਦੀ ਮੀਟਿੰਗ ਉਪਰੰਤ ਸੀਨੀਅਰ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ ਅਤੇ ਦਿਲਬਾਗ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਕੇਂਦਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਬਾਰੇ ਚੁੱਪ ਹਨ ਜਿਸ ਤੋਂ ਸਾਫ਼ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਹੱਕਾਂ ਤੇ ਮਾਰੇ ਜਾ ਰਹੇ ਡਾਕੇ ਤੇ ਇਨ੍ਹਾਂ ਸਾਰੀਆਂ ਧਿਰਾਂ ਦੀ ਸਹਿਮਤੀ ਹੈ।
ਉਨ੍ਹਾਂ ਕਿਸਾਨਾਂ ਉੱਤੇ ਪਰਾਲੀ ਨਾਲ ਸਬੰਧਤ ਪਾਏ ਕੇਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਤੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਤਹਿਤ ਮੋਰਚੇ ਦਾ ਸਾਜੋ ਸਮਾਨ ਸਮੇਤ ਟਰੈਕਟਰ ਟਰਾਲੀਆਂ ਨੂੰ ਚੁੱਕਣ ਅਤੇ ਸਮਾਨ ਦੀ ਕਰੋੜਾਂ ਰੁਪਏ ਦੀ ਭਰਪਾਈ ਕਰਨ ਲਈ ਵੀ ਕਿਹਾ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਕਿਸਾਨ ਮਸਲਿਆਂ ਨੂੰ ਸੁਹਿਰਦਤਾ ਨਾਲ ਵਿਚਾਰ ਨਹੀਂ ਕਰਦੀ ਤਾਂ 1 ਅਤੇ 5 ਦਸੰਬਰ ਦੇ ਪ੍ਰੋਗਰਾਮਾਂ ਤੋਂ ਬਾਅਦ 17-18 , ਦਸੰਬਰ ਨੂੰ ਡੀਸੀ ਦਫਤਰਾਂ ਤੇ 2 ਦਿਨਾਂ ਧਰਨੇ ਦਿੱਤੇ ਜਾਣਗੇ ਅਤੇ ਜੇਕਰ ਸਰਕਾਰ ਫਿਰ ਵੀ ਸੁਣਵਾਈ ਨਹੀਂ ਕਰਦੀ ਤਾਂ 19 ਦਸੰਬਰ ਨੂੰ ਰੇਲ ਚੱਕਾ ਜ਼ਾਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ 10 ਦਸੰਬਰ ਨੂੰ ਪ੍ਰੀਪੇਡ ਮੀਟਰ ਪੁੱਟ ਕੇ ਬਿਜਲੀ ਦਫ਼ਤਰਾਂ ਵਿੱਚ ਸੁੱਟੇ ਜਾਣਗੇ। ਇਸ ਮੌਕੇ ਯੁਗਰਾਜ ਸਿੰਘ ਦਦਾਹੂਰ, ਚਮਕੋਰ ਸਿੰਘ ਉਸਮਾਨ ਵਾਲਾ, ਰਾਜੂ ਪੱਤੋ, ਮਨਜੀਤ ਸਿੰਘ ਅਰੋੜਾ ਅਤੇ ਬਲਵਿੰਦਰ ਸਿੰਘ ਦੋਆਬਾ ਵੀ ਹਾਜ਼ਰ ਸਨ।

