DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਖੇਤਾਂ ਦੇ ਰਾਜੇ’ ਨੇ ਲੋਕਾਂ ਨੂੰ ਡੁੱਬਣੋਂ ਬਚਾਇਆ

ਅੱਠ ਜ਼ਿਲ੍ਹਿਆਂ ’ਚ 1.98 ਲੱਖ ਟਰੈਕਟਰ ਕੰਮ ਆਏ; ਅਫ਼ਸਰਾਂ ਅਤੇ ਨੇਤਾਵਾਂ ਨੇ ਵੀ ਤੱਕਿਆ ਟਰੈਕਟਰਾਂ ਦਾ ਆਸਰਾ
  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ’ਚੋਂ ਟਰੈਕਟਰਾਂ ਰਾਹੀਂ ਕੱਢ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਂਦੇ ਹੋਏ ਵਾਲੰਟੀਅਰ। -ਫੋਟੋ: ਵਿਸ਼ਾਲ ਕੁਮਾਰ
Advertisement
ਪੰਜਾਬ ਵਿੱਚ ਹੜ੍ਹਾਂ ਦੇ ਪਾਣੀ ’ਚ ਹੁਣ ਅਫ਼ਸਰਾਂ ਅਤੇ ਸਿਆਸੀ ਆਗੂਆਂ ਨੂੰ ਟਰੈਕਟਰਾਂ ਦਾ ਆਸਰਾ ਤੱਕਣਾ ਪੈ ਰਿਹਾ ਹੈ। ਜਦੋਂ ਇਹ ਟਰੈਕਟਰ ਦਿੱਲੀ ਦੇ ਕਿਸਾਨ ਮੋਰਚੇ ’ਚ ਪੁੱਜੇ ਸਨ ਤਾਂ ਉਦੋਂ ਕੇਂਦਰੀ ਹਕੂਮਤ ਨੇ ਇਨ੍ਹਾਂ ਟਰੈਕਟਰਾਂ ’ਤੇ ਉਂਗਲ ਚੁੱਕੀ ਸੀ। ਫਿਰ ਇਨ੍ਹਾਂ ਟਰੈਕਟਰਾਂ ਨੂੰ ਹੀ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਉਖਾੜਿਆ ਗਿਆ ਸੀ। ਖ਼ਾਸ ਕਰਕੇ ਵੱਡੇ ਟਰੈਕਟਰਾਂ ਨੂੰ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਹਾਕਮ ਧਿਰ ਨੇ ਨਿਸ਼ਾਨੇ ’ਤੇ ਲਿਆ ਸੀ। ਹੜ੍ਹਾਂ ’ਚ ਖੇਤਾਂ ਦੇ ਰਾਜੇ ਵਜੋਂ ਜਾਣੇ ਜਾਂਦੇ ਟਰੈਕਟਰ ਹੀ ਹੁਣ ਦੂਤ ਬਣੇ ਹੋਏ ਹਨ ਤਾਂ ਜੋ ਕਿਸਾਨੀ ਨੂੰ ਡੁੱਬਣੋਂ ਬਚਾਇਆ ਜਾ ਸਕੇ।

ਪੰਜਾਬ ’ਚ ਇਸ ਵੇਲੇ 6.41 ਲੱਖ ਟਰੈਕਟਰ ਹਨ ਜਿਨ੍ਹਾਂ ’ਚੋਂ 1.98 ਲੱਖ ਟਰੈਕਟਰ ਹੜ੍ਹ ਤੋਂ ਪ੍ਰਭਾਵਿਤ ਅੱਠ ਜ਼ਿਲ੍ਹਿਆਂ ’ਚ ਹਨ। ਸਭ ਤੋਂ ਵੱਧ ਟਰੈਕਟਰ ਜ਼ਿਲ੍ਹਾ ਫ਼ਿਰੋਜ਼ਪੁਰ ’ਚ 55,332 ਹਨ। ਹੜ੍ਹਾਂ ਦੇ ਪਾਣੀ ’ਚ ਸਿਵਾਏ ਟਰੈਕਟਰ ਤੋਂ ਕੋਈ ਵੀ ਦੋ-ਪਹੀਆ ਜਾਂ ਚਾਰ-ਪਹੀਆ ਵਾਹਨ ਕੰਮ ਨਹੀਂ ਆ ਰਿਹਾ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ’ਚ ਸੈਂਕੜੇ ਟਰੈਕਟਰ ਮਿੱਟੀ ਦੇ ਗੱਟੇ ਢੋਅ ਰਹੇ ਹਨ ਅਤੇ ਵੱਡੇ ਟਰੈਕਟਰਾਂ ਦੀ ਮਦਦ ਨਾਲ ਬੰਨ੍ਹ ਮਜ਼ਬੂਤ ਕੀਤੇ ਜਾ ਰਹੇ ਹਨ। ਪਾਣੀ ਨੂੰ ਰੋਕਣ ਲਈ ਟਰੈਕਟਰ ਮਿੱਟੀ ਪਾ ਰਹੇ ਹਨ।

Advertisement

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਉਹ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਦਰਜਨਾਂ ਪਿੰਡਾਂ ਵਿੱਚ ਗਏ ਹਨ ਅਤੇ ਇਨ੍ਹਾਂ ਪਿੰਡਾਂ ’ਚ ਟਰੈਕਟਰ ਹੀ ਸਭ ਤੋਂ ਵੱਡਾ ਸਹਾਰਾ ਹੈ ਅਤੇ ਹੁਸੈਨੀਵਾਲਾ ਤੋਂ ਪਾਰ 16 ਪਿੰਡਾਂ ’ਚੋਂ ਇਨ੍ਹਾਂ ਟਰੈਕਟਰਾਂ ਦੀ ਮਦਦ ਨਾਲ ਹੀ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਟਰੈਕਟਰਾਂ-ਟਰਾਲੀਆਂ ’ਚ ਹੀ ਪਸ਼ੂ ਸੁਰੱਖਿਅਤ ਥਾਵਾਂ ’ਤੇ ਲਿਆਂਦੇ ਜਾ ਸਕੇ ਹਨ। ਉਨ੍ਹਾਂ ਕਿਹਾ ਕਿ ਔਖ ਦੇ ਵੇਲੇ ’ਚ ਪਿੰਡਾਂ ਦੀ ਜਵਾਨੀ ਹੀ ਲੋਕਾਂ ਦੀ ਮਸੀਹਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਨੇ ਹਕੂਮਤ ਨੂੰ ਆਪਣੀ ਤਾਕਤ ਦਿਖਾ ਦਿੱਤੀ ਹੈ।

ਹੜ੍ਹ ਪੀੜਤ ਖੇਤਰਾਂ ’ਚ ਚਾਰ-ਚੁਫੇਰੇ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਮੁੱਖ ਸਕੱਤਰ ਕੇਏਪੀ ਸਿਨਹਾ ਵੀ ਟਰੈਕਟਰ ’ਤੇ ਸਵਾਰ ਹੋ ਕੇ ਹੀ ਹੜ੍ਹਾਂ ਦਾ ਜਾਇਜ਼ਾ ਲੈਣ ਗਏ ਸਨ। ਵਜ਼ੀਰ ਤੇ ਵਿਧਾਇਕ ਵੀ ਟਰੈਕਟਰਾਂ ’ਤੇ ਬੈਠੇ ਦੇਖੇ ਜਾ ਸਕਦੇ ਹਨ। ਬੀਕੇਯੂ (ਕ੍ਰਾਂਤੀਕਾਰੀ) ਦੇ ਚੇਅਰਮੈਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਹੜ੍ਹਾਂ ’ਚ ਹੁਣ ਟਰੈਕਟਰ ਹੀ ਸਾਰੇ ਪ੍ਰਬੰਧਾਂ ਦੀ ਕੁੰਜੀ ਬਣਿਆ ਹੋਇਆ ਹੈ ਅਤੇ ਟਰੈਕਟਰ ਨੂੰ ਭੰਡਣ ਵਾਲੇ ਆਗੂਆਂ ਨੂੰ ਹੁਣ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਸ਼ਤੀ ਵੀ ਨਹੀਂ ਜਾ ਸਕਦੀ, ਉੱਥੇ ਟਰੈਕਟਰ ਦੀ ਮਦਦ ਲਈ ਜਾ ਰਹੀ ਹੈ। ਹੜ੍ਹਾਂ ਦੇ ਭੰਨ੍ਹੇ ਅੱਠ ਜ਼ਿਲ੍ਹਿਆਂ ’ਚ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਹੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਅਤੇ ਪਸ਼ੂਆਂ ਵਾਸਤੇ ਹਰਾ ਚਾਰਾ ਢੋਣ ਵਾਸਤੇ ਵੀ ਟਰੈਕਟਰਾਂ ਦੀ ਵਰਤੋਂ ਹੋ ਰਹੀ ਹੈ। ਵੇਰਵਿਆਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ’ਚ 18,506 ਟਰੈਕਟਰ ਹਨ ਜਦੋਂ ਕਿ ਜ਼ਿਲ੍ਹਾ ਅੰਮ੍ਰਿਤਸਰ ’ਚ 30,916 ਟਰੈਕਟਰ ਹਨ। ਇਸੇ ਤਰ੍ਹਾਂ ਤਰਨ ਤਾਰਨ ’ਚ 27,349 ਟਰੈਕਟਰ ਹਨ ਅਤੇ ਹੁਸ਼ਿਆਰਪੁਰ ’ਚ 29,452 ਟਰੈਕਟਰ ਹਨ। ਬਹੁਤੇ ਘਰਾਂ ਕੋਲ ਮਾਡੀਫਾਈ ਕੀਤੇ ਟਰੈਕਟਰ ਵੀ ਹਨ। ਵੱਡੇ ਟਾਇਰ ਹੋਣ ਕਰਕੇ ਹੜ੍ਹਾਂ ’ਚ ਇਨ੍ਹਾਂ ਦੀ ਵਧੇਰੇ ਵਰਤੋਂ ਕੀਤੀ ਜਾ ਰਹੀ ਹੈ।

ਬੀਕੇਯੂ (ਸਿਰਸਾ) ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਅੱਜ ਪਠਾਨਕੋਟ ਜ਼ਿਲ੍ਹੇ ’ਚ ਕਿਹਾ ਕਿ ਜੇ ਟਰੈਕਟਰ ਨਾ ਹੁੰਦੇ ਤਾਂ ਹੜ੍ਹਾਂ ’ਚ ਹੁਣ ਤੱਕ ਬਹੁਤ ਵੱਡਾ ਜਾਨੀ-ਮਾਲੀ ਨੁਕਸਾਨ ਹੋਣਾ ਸੀ। ਟਰੈਕਟਰਾਂ ਸਦਕਾ ਹੀ ਲੋਕਾਂ ਅਤੇ ਪਸ਼ੂ ਧਨ ਨੂੰ ਬਚਾਇਆ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਆਪਣੀ ਜਾਨ ਜੋਖ਼ਮ ’ਚ ਪਾ ਕੇ ਹੜ੍ਹਾਂ ਦੇ ਰਾਹਤ ਕਾਰਜਾਂ ’ਚ ਜੁਟੇ ਹੋਏ ਹਨ ਜਿਨ੍ਹਾਂ ਦੇ ਜਜ਼ਬੇ ਦਾ ਕੋਈ ਜੁਆਬ ਨਹੀਂ ਹੈ।

Advertisement
×