ਈ-ਮੰਡੀਕਰਨ ਪੋਰਟਲ ’ਤੇ ਗੁਆਚੇ ਕਿੱਲਿਆਂਵਾਲੀ ਤੇ ਵੜਿੰਗਖੇੜਾ
ਝੋਨੇ ਦੇ ਬਿੱਲ ਨਾ ਬਣਨ ਕਾਰਨ ਕਿਸਾਨਾਂ ਨੂੰ ਨਹੀਂ ਹੋ ਰਹੀ ਅਦਾਇਗੀ
ਇਕਬਾਲ ਸਿੰਘ ਸ਼ਾਂਤ
ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ ਪੰਜਾਬ ਮੰਡੀ ਬੋਰਡ ਦੇ ਈ-ਮੰਡੀਕਰਨ ਪੋਰਟਲ ’ਤੇ ਗੁਆਚ ਗਿਆ ਹੈ। ਇਸ ਕਾਰਨ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੇ ਬਿੱਲ ਨਹੀਂ ਬਣ ਰਹੇ ਜਿਸ ਕਾਰਨ ਕਿਸਾਨਾਂ ਦਾ ਝੋਨਾ ਅਣਵਿਕਿਆ ਪਿਆ ਹੈ। ਪਿੰਡ ਕਿੱਲਿਆਂਵਾਲੀ ਦਾ ਰਕਬਾ ਕਰੀਬ 5000 ਏਕੜ ਅਤੇ ਪਿੰਡ ਵੜਿੰਗਖੇੜਾ ਦਾ ਰਕਬਾ ਲਗਪਗ ਚਾਰ ਹਜ਼ਾਰ ਏਕੜ ਹੈ। ਹਾਲਾਂਕਿ ਇਹ ਰਕਬਾ ਮਾਲ ਵਿਭਾਗ ਦੇ ਵੈੱਬ-ਪੋਰਟਲ ’ਤੇ ਮੌਜੂਦ ਹੈ।
ਇਸ ਦਾ ਖ਼ੁਲਾਸਾ ਆੜ੍ਹਤੀਆਂ ਵੱਲੋਂ ਝੋਨੇ ਦੇ ਬਿੱਲ ਬਣਾਉਣ ਮੌਕੇ ਹੋਇਆ ਹੈ। ਆੜ੍ਹਤੀਆਂ ਮੁਤਾਬਕ ਪਿਛਲੇ ਸੀਜ਼ਨ ਵਿੱਚ ਲੈਂਡ ਮੈਪਿੰਗ ਦੌਰਾਨ ਇਹ ਰਕਬਾ ਪੋਰਟਲ ’ਤੇ ਦਰਜ ਸੀ। ਸੂਤਰਾਂ ਦਾ ਮੰਨਣਾ ਹੈ ਕਿ ਮਾਰਕੀਟ ਕਮੇਟੀ ਕਿੱਲਿਆਂਵਾਲੀ ਦਾ ਗਠਨ ਨਵਾਂ ਹੋਇਆ ਹੈ। ਇਸ ਦੇ ਬਾਅਦ ਨਵੀਆਂ ਅਧਿਕਾਰਕ ਆਈਡੀਜ਼ ਬਣਨ ਦੌਰਾਨ ਇਸ ਸਾਲ ਸਾਉਣੀ ਸੀਜ਼ਨ ਦੌਰਾਨ ਡੇਟਾ ਕਿਸੇ ਤਕਨੀਕੀ ਖ਼ਾਮੀ ਕਰ ਕੇ ਦਿਖਾਈ ਨਹੀਂ ਦੇ ਰਿਹਾ। ਕਿੱਲਿਆਂਵਾਲੀ ਦੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਫ਼ਤੇ ਤੋਂ ਉਸ ਦੀ ਫ਼ਸਲ ਤੁਲੀ ਪਈ ਹੈ ਪਰ ਅਜੇ ਤੱਕ ਬਿੱਲ ਨਹੀਂ ਬਣਿਆ। ਉਹ ਆੜ੍ਹਤੀਏ ਅਤੇ ਮਾਰਕੀਟ ਕਮੇਟੀ ਦਫ਼ਤਰ ਦੇ ਗੇੜੇ ਲਗਾ ਰਹੇ ਹਨ। ਪਿੰਡ ਕਿੱਲਿਆਂਵਾਲੀ ਦੇ ਆੜ੍ਹਤੀਏ ਨੇ ਕਿਹਾ ਕਿ ਰਕਬਾ ਨਾ ਦਿਖਾਈ ਦੇਣ ਕਰ ਕੇ ਉਹ ਬਿੱਲ ਬਣਾਉਣ ਵਿੱਚ ਅਸਮੱਰਥ ਹਨ ਜਦੋਂਕਿ ਕਿਸਾਨ ਉਨ੍ਹਾਂ ਨੂੰ ਛੇਤੀ ਬਿਲ ਬਣਾਉਣ ਲਈ ਕਹਿ ਰਹੇ ਹਨ। ਮਾਰਕੀਟ ਕਮੇਟੀ ਕਿੱਲਿਆਂਵਾਲੀ ਨੇ ਉੱਚ ਅਧਿਕਾਰੀਆਂ ਨੂੰ ਸਮੱਸਿਆ ਦੇ ਛੇਤੀ ਹੱਲ ਲਈ ਪੱਤਰ ਲਿਖਿਆ ਹੈ। ਪੀੜਤ ਕਿਸਾਨਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ ਉਹ ਧਰਨਾ ਦੇਣਗੇ। ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਕਰ ਕੇ ਸਮੱਸਿਆ ਹੱਲ ਕਰਵਾਉਣਗੇ।

