Khanna MC bye election: ਕੌਂਸਲ ਜ਼ਿਮਨੀ ਚੋਣ: ਖੰਨਾ ਦੇ ਵਾਰਡ ਨੰਬਰ-2 ਤੋਂ ਕਾਂਗਰਸੀ ਉਮੀਦਵਾਰ ਸਤਨਾਮ ਚੌਧਰੀ ਜਿੱਤੇ
ਈਵੀਐੱਮ ਮਸ਼ੀਨ ਤੋੜੇ ਜਾਣ ਕਾਰਨ ਬੂਥ ਨੰਬਰ-4 ਦੀ ਅੱਜ ਮੁੜ ਤੋਂ ਹੋਈ ਵੋਟਿੰਗ
ਜੋਗਿੰਦਰ ਸਿੰਘ ਓਬਰਾਏ
ਖੰਨਾ, 23 ਦਸੰਬਰ
ਇੱਥੋਂ ਦੇ ਵਾਰਡ ਨੰਬਰ-2 ਦੇ ਦੀ ਅੱਜ ਮੁੜ ਤੋਂ ਪਈਆਂ ਵੋਟਾਂ ਦੇ ਐਲਾਨੇ ਨਤੀਜੇ ਦੌਰਾਨ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ ਚੌਧਰੀ ਜੇਤੂ ਰਹੇ। ਉਨ੍ਹਾਂ ਆਪਣੇ ਵਿਰੋਧੀ ‘ਆਪ’ ਉਮੀਦਵਾਰ ਵਿੱਕੀ ਮਸ਼ਾਲ ਨੂੰ 263 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਇੱਥੇ ਜ਼ਿਕਰਯੋਗ ਹੈ ਕਿ ਛੇ ਮਹੀਨੇ ਪਹਿਲਾਂ ਇਸ ਸੀਟ ਤੇ ਜਿੱਤੇ ਕਾਂਗਰਸੀ ਉਮੀਦਵਾਰ ਗੁਰਮਿੰਦਰ ਸਿੰਘ ਲਾਲੀ ਦੀ ਮੌਤ ਹੋ ਗਈ ਸੀ। ਉਪਰੰਤ 21 ਦਸੰਬਰ ਨੂੰ ਇਸ ਸੀਟ ’ਤੇ ਵੋਟਿੰਗ ਹੋਈ। ਇਸ ਚੋਣ ਵਿੱਚ ਕਾਂਗਰਸ ਵੱਲੋਂ ਸਤਨਾਮ ਚੌਧਰੀ, ‘ਆਪ’ ਵੱਲੋਂ ਵਿੱਕੀ ਮਸ਼ਾਲ, ਭਾਜਪਾ ਵੱਲੋਂ ਹਸਨਜੋਤ ਸਿੰਘ ਚੰਨੀ ਅਤੇ ਅਕਾਲੀ ਦਲ ਵੱਲੋਂ ਮਨਦੀਪ ਸਿੰਘ ਗੱਬਰ ਦਾ ਮੁਕਾਬਲਾ ਸੀ। ਵੋਟਾਂ ਉਪਰੰਤ ਇੱਥੋਂ ਦੇ ਚਾਰ ਬੂਥਾਂ ਦੀਆਂ ਵੋਟਾਂ ਦੀ ਗਿਣਤੀ ਹੋ ਰਹੀ ਸੀ। ਜਦੋਂ ਤਿੰਨ ਬੂਥਾਂ ਦੀ ਗਿਣਤੀ ਹੋ ਚੁੱਕੀ ਸੀ ਤਾਂ ਉਦੋਂ ਕਾਂਗਰਸੀ ਉਮੀਦਵਾਰ 145 ਵੋਟਾਂ ਨਾਲ ਅੱਗੇ ਚੱਲ ਰਿਹਾ ਸੀ। ਇਸੇ ਦੌਰਾਨ ਜਦੋਂ ਚੌਥੇ ਬੂਥ ਦੀ ਗਿਣਤੀ ਆਰੰਭ ਹੋਈ ਜਿਸ ਵਿਚ 438 ਵੋਟਾਂ ਸਨ ਤਾਂ ‘ਆਪ’ ਸਮਰਥਕਾਂ ਨੇ ਕਥਿਤ ਤੌਰ ’ਤੇ ਈਵੀਐੱਮ ਤੋੜ ਦਿੱਤੀ ਸੀ, ਜਿਸ ਉਪਰੰਤ ਰੌਲਾ ਪੈ ਗਿਆ। ਇਸ ਮਗਰੋਂ ਕਾਂਗਰਸ ਪਾਰਟੀ ਨੇ 22 ਦਸੰਬਰ ਨੂੰ ਖੰਨਾ ਦੀ ਜਰਨੈਲੀ ਸੜਕ ਜਾਮ ਕਰ ਦਿੱਤੀ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ‘ਆਪ’, ਖਾਸ ਕਰ ਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਤਿੱਖਾ ਵਿਰੋਧ ਕੀਤਾ ਸੀ। ਅੰਤ ਪ੍ਰਸ਼ਾਸਨ ਵੱਲੋਂ ਅੱਜ ਮੁੜ ਬੂਥ ਨੰਬਰ-4 ਦੀ ਵੋਟਿੰਗ ਕਰਵਾਏ ਜਾਣ ਦੇ ਐਲਾਨ ਮਗਰੋਂ ਕਰੀਬ ਸਾਢੇ ਚਾਰ ਘੰਟੇ ਬਾਅਦ ਧਰਨਾ ਖ਼ਤਮ ਕੀਤਾ ਗਿਆ ਸੀ।
ਇਸ ਬੂਥ ਦੀ ਅੱਜ ਮੁੜ ਤੋਂ ਪਈਆਂ ਵੋਟਾਂ ਦੀ ਗਿਣਤੀ ਸ਼ਾਮ ਸਮੇਂ ਆਰੰਭ ਹੋਈ। ਚੋਣ ਅਧਿਕਾਰੀ ਬੀਡੀਪੀਓ ਪਿਆਰਾ ਸਿੰਘ ਨੇ ਦੱਸਿਆ ਕਿ ਕੁੱਲ 1833 ਵੋਟਾਂ ਪੋਲ ਹੋਈਆਂ ਸਨ, ਜਿਨ੍ਹਾਂ ਵਿੱਚੋਂ ਕਾਂਗਰਸੀ ਉਮੀਦਵਾਰ ਸਤਨਾਮ ਚੌਧਰੀ ਨੂੰ 798, ‘ਆਪ’ ਦੇ ਵਿੱਕੀ ਮਸ਼ਾਲ ਨੂੰ 535, ਭਾਜਪਾ ਦੇ ਹਸਨਜੋਤ ਸਿੰਘ ਚੰਨੀ ਨੂੰ 286, ਅਕਾਲੀ ਦਲ ਦੇ ਮਨਦੀਪ ਸਿੰਘ ਗੱਬਰ ਨੂੰ 197 ਤੋਂ ਇਲਾਵਾ ਆਜ਼ਾਦ ਉਮੀਦਵਾਰ ਹਰਜੋਤ ਸਿੰਘ ਨੂੰ ਪੰਜ ਅਤੇ ਨੋਟਾ ਨੂੰ 12 ਵੋਟਾਂ ਮਿਲੀਆਂ। ਕਾਂਗਰਸ ਦੇ ਚੌਧਰੀ 263 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਇਸ ਉਪਰੰਤ ਕਾਂਗਰਸੀ ਵਰਕਰਾਂ ਵੱਲੋਂ ਸਾਰੇ ਸ਼ਹਿਰ ਵਿੱਚ ਜੇਤੂ ਜਲੂਸ ਕੱਢਿਆ ਗਿਆ।