DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਜਰੀਵਾਲ ਨੇ ਪੰਜਾਬ ਦੀ ਜ਼ਮੀਨ ਐਕੁਆਇਰ ਕਰਵਾਉਣ ਲਈ ਗੁਪਤ ਸਮਝੌਤਾ ਕੀਤਾ: ਸੁਖਬੀਰ ਬਾਦਲ

ਅਕਾਲੀ ਦਲ ਦੇ ਪ੍ਰਧਾਨ ਨੇ ਕੀਮਤੀ ਜ਼ਮੀਨ ਬਿਲਡਰਾਂ ਨੂੰ ਕੌਡੀਆਂ ਦੇ ਭਾਅ ਦੇਣ ਦੇ ਦੋਸ਼ ਲਾਏ
  • fb
  • twitter
  • whatsapp
  • whatsapp
featured-img featured-img
ਬਠਿੰਡਾ ’ਚ ਧਰਨੇ ਮੌਕੇ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ।
Advertisement

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ’ਚ ‘ਆਪ’ ਦੇ ਚੋਣ ਪ੍ਰਚਾਰ ਲਈ ਫੰਡ ਇਕੱਠਾ ਕਰਨ ਲਈ ਪੰਜਾਬ ਦੀ 65,000 ਏਕੜ ਕੀਮਤੀ ਜ਼ਮੀਨ ਬਿਲਡਰਾਂ ਨੂੰ ਕੌਡੀਆਂ ਦੇ ਭਾਅ ਦੇਣ ਲਈ ਗੁਪਤ ਸਮਝੌਤਾ ਕੀਤਾ ਹੈ।

ਬਠਿੰਡਾ ’ਚ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਪੰਜਾਬ ’ਚ ਡੇਰੇ ਲਾ ਲਏ ਹਨ ਅਤੇ ਮੁਹਾਲੀ ’ਚ ਮਾਰਕਫੈਡ ਦਫਤਰ ’ਚ ਆਪਣੀ ਰਿਹਾਇਸ਼ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਆਗੂ ਪੰਜਾਬ ਦੀ ਜ਼ਮੀਨ ’ਤੇ ਅਧਿਕਾਰ ਜਮਾਉਣਾ ਚਾਹੁੰਦੇ ਹਨ। ਅਕਾਲੀ ਦਲ ਨੇ ਸੂਬੇ ’ਚ ਲੈਂਡ ਪੂਲਿੰਗ ਪਾਲਿਸੀ ਜ਼ਰੀਏ ਜ਼ਮੀਨ ਹਾਸਲ ਕਰਨ ਦੀ ਯੋਜਨਾ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਉਹ ਕਿਸੇ ਵੀ ਬਾਹਰਲੀ ਪੰਜ ਮੈਂਬਰੀ ਕਮੇਟੀ ਨੂੰ ਪੰਜਾਬ ’ਚ ਜ਼ਮੀਨ ਐਕੁਆਇਰ ਕਰਨ ਦੀ ਨਿਗਰਾਨੀ ਨਹੀਂ ਕਰਨ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ 2013 ਦੇ ਕੇਂਦਰੀ ਕਾਨੂੰਨ ਦੀ ਥਾਂ 1995 ਦੇ ਰਾਜ ਕਾਨੂੰਨ ਅਧੀਨ ਜ਼ਮੀਨ ਐਕੁਆਇਰ ਕਰਨਾ ਗੈਰਕਾਨੂੰਨੀ ਹੈ ਤੇ ਇਹ ਸਰਕਾਰ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ। ਸੁਖਬੀਰ ਬਾਦਲ ਨੇ ਦੱਸਿਆ ਕਿ ਪਿਛਲੇ 25 ਸਾਲਾਂ ਵਿੱਚ ਸਿਰਫ 11,000 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ, ਜਿਸ ’ਚੋਂ 3,000 ਏਕੜ ਅਜੇ ਵੀ ਵਿਕਸਤ ਨਹੀਂ ਹੋਈ। ਉਨ੍ਹਾਂ ਕਿਹਾ ਕਿ 75 ਸਾਲ ਪਹਿਲਾਂ ਚੰਡੀਗੜ੍ਹ ਵਸਾਉਣ ਲਈ 28,000 ਏਕੜ ਜ਼ਮੀਨ ਲੈਣ ਤੋਂ ਬਾਅਦ ਵੀ 8,000 ਏਕੜ ਦੀ ਵਰਤੋਂ ਨਹੀਂ ਹੋਈ। ਇਹ ਸਾਬਤ ਕਰਦਾ ਹੈ ਕਿ ਹੁਣ 44,000 ਏਕੜ ਜ਼ਮੀਨ ਇਕੱਠੇ ਵਿਕਸਤ ਕਰਨ ਦਾ ਦਾਅਵਾ ਸਿਰਫ ਧੋਖਾ ਹੈ।ਉਨ੍ਹਾਂ ਸੁਚੇਤ ਕੀਤਾ ਕਿ ਜਿੱਥੇ ਜ਼ਮੀਨ ਐਕੁਆਇਰ ਹੋਣੀ ਹੈ, ਉਥੇ ਖੇਤੀ ਅਰਥਚਾਰਾ ਤਬਾਹ ਹੋ ਜਾਵੇਗਾ ਅਤੇ ਕਿਸਾਨ ਕੰਗਾਲ ਹੋ ਜਾਣਗੇ। ਕੁਝ ਪੰਚਾਇਤਾਂ ਨੇ ਪਹਿਲਾਂ ਹੀ ਜ਼ਮੀਨ ਦੇਣ ਤੋਂ ਇਨਕਾਰ ਕਰਦਿਆਂ ਮਤੇ ਪਾਸ ਕਰ ਦਿੱਤੇ ਹਨ ਤੇ ਇਹ ਹੁਣ ਲੋਕ ਲਹਿਰ ਬਣ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਅਜਿਹਾ ਕਾਨੂੰਨ ਲਿਆਂਦਾ ਜਾਵੇਗਾ ਜਿਸ ਰਾਹੀਂ ਸੂਬੇ ਤੋਂ ਬਾਹਰਲਿਆਂ ਨੂੰ ਪੰਜਾਬ ’ਚ ਜ਼ਮੀਨ ਨਹੀਂ ਖਰੀਦਣ ਦਿੱਤੀ ਜਾਵੇਗੀ ਅਤੇ ਨੌਕਰੀਆਂ ਸਿਰਫ ਪੰਜਾਬੀ ਨੌਜਵਾਨਾਂ ਲਈ ਰਾਖਵੀਆਂ ਹੋਣਗੀਆਂ। ਇਸ ਦੇ ਨਾਲ ਹੀ 80% ਉਦਯੋਗਿਕ ਨੌਕਰੀਆਂ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਆਦਿ ਮੌਜੂਦ ਸਨ।

Advertisement

ਰੈਲੀ ਦੌਰਾਨ ਸਿਕੰਦਰ ਸਿੰਘ ਮਲੂਕਾ ਦੀ ਸਿਹਤ ਵਿਗੜੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਸੋਮਵਾਰ ਨੂੰ ਰੱਖੀ ਗਈ ਰੈਲੀ ਦੌਰਾਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਤਬੀਅਤ ਵਿਗੜ ਗਈ। ਰੈਲੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀ ਸਿਹਤ ਖਰਾਬ ਹੋਈ ਤਾਂ ਅਕਾਲੀ ਵਰਕਰਾਂ ਨੇ ਤੁਰੰਤ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਕੁਝ ਘੰਟਿਆਂ ਬਾਅਦ ਮਲੂਕਾ ਨੇ ਸੋਸ਼ਲ ਮੀਡੀਆ ਰਾਹੀਂ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਉਹ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਬੀਪੀ ਘਟਣ ਕਾਰਨ ਉਹ ਬੇਹੋਸ਼ ਹੋ ਗਏ ਸਨ ਪਰ ਮੌਜੂਦਾ ਸਮੇਂ ਉਨ੍ਹਾਂ ਦੀ ਸਿਹਤ ਸਥਿਰ ਹੈ। ਡਾਕਟਰਾਂ ਨੇ ਵੀ ਉਨ੍ਹਾਂ ਦੀ ਸਿਹਤ ਨੂੰ ਠੀਕ ਦੱਸਿਆ ਹੈ। ਇਸ ਦੌਰਾਨ ਕਈ ਸਮਰਥਕ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਪੁੱਜੇ, ਜਿਨ੍ਹਾਂ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।

Advertisement
×