ਕੇਜਰੀਵਾਲ ਦੀ ਪੰਜਾਬ ਦੇ ਸਰੋਤ ਲੁੱਟਣ ’ਚ ਦਿਲਚਸਪੀ: ਸੁਖਬੀਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਹਡ਼੍ਹ ਪ੍ਰਭਾਵਿਤ 137 ਪਿੰਡਾਂ ਵਾਸਤੇ 250 ਟਰਾਲੀਆਂ ਮੱਕੀ ਦਾ ਅਚਾਰ ਭੇਜਿਆ
ਸੁੱਚਾ ਸਿੰਘ ਪਸਨਾਵਾਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਲਿਆਣਪੁਰ (ਧਾਰੀਵਾਲ) ਤੋਂ ਡੇਰਾ ਬਾਬਾ ਨਾਨਕ ਇਲਾਕੇ ਦੇ ਹੜ੍ਹ ਪ੍ਰਭਾਵਿਤ 137 ਪਿੰਡਾਂ ਵਾਸਤੇ ਮੱਕੀ ਦੇ ਅਚਾਰ ਦੀਆਂ 250 ਟਰਾਲੀਆਂ ਰਵਾਨਾ ਕੀਤੀਆਂ ਅਤੇ ਸੈਂਕੜੇ ਫੌਗਿੰਗ ਮਸ਼ੀਨਾਂ ਵੀ ਭੇਜੀਆਂ ਹਨ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ‘ਆਪ’ ਨੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਂ ’ਤੇ ‘ਇੱਕ ਮੌਕਾ’ ਮੰਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਔਖੇ ਵੇਲੇ ਹੁਣ ਸ੍ਰੀ ਕੇਜਰੀਵਾਲ ਲੋਕਾਂ ਨੇੜੇ ਨਹੀਂ ਆ ਰਹੇ। ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੂੰ ਸਿਰਫ਼ ਪੰਜਾਬ ਦੇ ਸਰੋਤ ਲੁੱਟਣ ਵਿੱਚ ਦਿਲਚਸਪੀ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੂਸ਼ਣਬਾਜ਼ੀ ਬੰਦ ਕਰ ਕੇ ਹੜ੍ਹ ਮਾਰੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨ। ਸ੍ਰੀ ਬਾਦਲ ਨੇ ਕਿਹਾ ‘ਆਪ’ ਸਰਕਾਰ ਨੇ ਸ਼ਾਹਪੁਰ ਹੈੱਡਵਰਕਸ ਦੇ ਗੇਟਾਂ ਦੀ ਮੁਰੰਮਤ ਲਈ ਜਨਵਰੀ ਵਿੱਚ ਕੀਤੀਆਂ ਬੇਨਤੀਆਂ ਦੀ ਪਰਵਾਹ ਨਹੀਂ ਕੀਤੀ। ਮੌਨਸੂਨ ਸੀਜ਼ਨ ਦੌਰਾਨ 20 ਦਿਨਾਂ ਤੱਕ ਪਾਣੀ ਇਕੱਠਾ ਕੀਤਾ ਗਿਆ ’ਤੇ ਖ਼ਤਰੇ ਦੇ ਨਿਸ਼ਾਨ ਤੋਂ ਟੱਪਣ ਕਾਰਨ ਤਿੰਨ ਦਿਨਾਂ ਤੱਕ ਲਗਾਤਾਰ 2.5 ਲੱਖ ਕਿਊਸਕ ਪਾਣੀ ਛੱਡਿਆ ਗਿਆ ਜਿਸ ਕਾਰਨ ਤਬਾਹੀ ਹੋਈ।
ਸ੍ਰੀ ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਸਿਆਸੀ ਪਾਰਟੀਆਂ ਪੰਜਾਬ ਨੂੰ ਸਿਰਫ਼ ਗੈਸਟ ਹਾਊਸ ਸਮਝਦੀਆਂ ਹਨ। ਇਸੇ ਕਰ ਕੇ ਅਕਾਲੀ ਦਲ ਨੇ ਹੜ੍ਹਾਂ ਦੇ ਪਹਿਲੇ ਦਿਨ ਤੋਂ ਮੋਹਰੀ ਹੋ ਕੇ ਬੰਨ੍ਹ ਪੂਰਨ ਲਈ ਸੇਵਾ ਕੀਤੀ। ਕਿਸਾਨਾਂ ਨੂੰ ਇਕ ਲੱਖ ਏਕੜ ਵਾਸਤੇ ਕਣਕ ਦਾ ਬੀਜ ਵੀ ਦਿੱਤਾ ਜਾਵੇਗਾ। ਹੜ੍ਹ ਪੀੜਤ 50 ਹਜ਼ਾਰ ਗ਼ਰੀਬ ਪਰਿਵਾਰਾਂ ਨੂੰ ਵੀ ਕਣਕ ਦਿੱਤੀ ਜਾਵੇਗੀ। ਸ੍ਰੀ ਬਾਦਲ ਨੇ ਕਿਹਾ ਕਿਹਾ ਕਿ ਏਜੰਸੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀਆਂ ਹਨ। ਇਸ ਮੌਕੇ ਗੁਰਬਚਨ ਸਿੰਘ ਬੱਬੇਹਾਲੀ, ਰਾਜਨਬੀਰ ਸਿੰਘ ਘੁੰਮਣ, ਰਵੀ ਮੋਹਨ, ਗੁਰਇਕਬਾਲ ਸਿੰਘ ਮਾਹਲ, ਲਖਵੀਰ ਸਿੰਘ ਲੋਧੀਨੰਗਲ, ਰਮਨ ਸੰਧੂ, ਸੁਰਿੰਦਰ ਸਿੰਘ ਮਿੰਟੂ, ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸੋਨੂੰ ਲੰਗਾਹ, ਸ਼ਮਸ਼ੇਰ ਸਿੰਘ ਚੀਮਾ ਅਤੇ ਜਸਪ੍ਰੀਤ ਸਿੰਘ ਰਾਣਾ ਆਦਿ ਹਾਜ਼ਰ ਸਨ।