ਮਾਤਾ ਵੈਸ਼ਨੋ ਦੇਵੀ ਤੀਰਥ ਅਸਥਾਨ ਦੀ ਯਾਤਰਾ ਲਈ ਕਟੜਾ ਤੋਂ ਅੰਮ੍ਰਿਤਸਰ ਵਿਚਾਲੇ ਨਵੀਂ ਵੰਦੇ ਭਾਰਤ ਰੇਲ ਗੱਡੀ ਸ਼ੁਰੂ ਕੀਤੀ ਗਈ ਹੈ। ਅੱਜ ਜਦੋਂ ਇਹ ਰੇਲ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਭਾਜਪਾ ਤੇ ਹੋਰਨਾਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ।
ਇਸ ਨਵੀਂ ਰੇਲ ਗੱਡੀ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੰਗਲੁਰੂ ਤੋਂ ਵਰਚੁਅਲ ਤੌਰ ’ਤੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੱਜ ਕਟੜਾ ਤੋਂ ਰਵਾਨਾ ਹੋਈ ਸੀ ਅਤੇ ਸ਼ਾਮ ਵੇਲੇ ਅੰਮ੍ਰਿਤਸਰ ਪੁੱਜੀ ਹੈ।
ਮੰਗਲਵਾਰ ਨੂੰ ਛੱਡ ਕੇ ਇਹ ਰੇਲ ਗੱਡੀ ਹਫ਼ਤੇ ਦੇ ਬਾਕੀ ਦਿਨ ਕੱਟੜਾ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਕਟੜਾ ਵਿਚਾਲੇ ਚੱਲੇਗੀ। ਅੰਮ੍ਰਿਤਸਰ ਤੋਂ ਸ਼ਾਮ ਵੇਲੇ ਲਗਭਗ 4:25 ਵਜੇ ਇਹ ਰੇਲ ਗੱਡੀ ਰਵਾਨਾ ਹੋਵੇਗੀ ਜੋ ਕਿ ਬਿਆਸ, ਜਲੰਧਰ, ਪਠਾਨਕੋਟ ਅਤੇ ਜੰਮੂ ਰਸਤੇ ਰਾਤ ਨੂੰ 10 ਵਜੇ ਕਟੜਾ ਪੁੱਜੇਗੀ। ਇਹ ਰੇਲ ਗੱਡੀ ਲਗਭਗ ਪੰਜ ਘੰਟੇ 35 ਮਿੰਟ ਵਿੱਚ ਇਹ ਦੂਰੀ ਤੈਅ ਕਰੇਗੀ।
ਪਠਾਨਕੋਟ ਵਿੱਚ ਅਸ਼ਵਨੀ ਸ਼ਰਮਾ ਨੇ ਦਿਖਾਈ ਹਰੀ ਝੰਡੀ
ਪਠਾਨਕੋਟ (ਪੱਤਰ ਪ੍ਰੇਰਕ): ਨਵੀਂ ਸ਼ੁਰੂ ਹੋਈ ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਦੇ ਪਠਾਨਕੋਟ ਸਟੇਸ਼ਨ ਪੁੱਜਣ ’ਤੇ ਬੀਜੇਪੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਅਗਲੀ ਮੰਜ਼ਲ ਲਈ ਰਵਾਨਾ ਕੀਤਾ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਰੇਲ ਗੱਡੀ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਅਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਲਈ ਇੱਕ ਸੰਜੀਵਨੀ ਬੂਟੀ ਸਾਬਿਤ ਹੋਵੇਗੀ। ਇਸ ਤੋਂ ਇਲਾਵਾ ਪਠਾਨਕੋਟ ਦੇ ਵਪਾਰ ਨੂੰ ਵੀ ਇਹ ਰੇਲ ਗੱਡੀ ਵਧਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦਾ ਗੁਣਗਾਨ ਕੀਤਾ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਰਾਕੇਸ਼ ਸ਼ਰਮਾ ਅਤੇ ਹੋਰ ਆਗੂ ਮੌਜੂਦ ਰਹੇ। ਇਸ ਮੌਕੇ ਰੇਲਵੇ ਅਧਿਕਾਰੀ, ਵਪਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਵੀ ਹਾਜ਼ਰ ਸਨ।