ਕਰਤਾਰਪੁਰ: ਹੜ੍ਹ ਪ੍ਰਭਾਵਿਤ ਘਰਾਂ ਦੀ ਮੁਰੰਮਤ ਤੇ ਨਿਰਮਾਣ ਲਈ ਵਿੱਤੀ ਸਹਾਇਤਾ ਦਿੱਤੀ
ਕਰਤਾਰਪੁਰ ਦੇ ਸ਼ਹਿਰੀ ਖੇਤਰ ਵਿੱਚ ਹੜ੍ਹ ਨਾਲ ਪ੍ਰਭਾਵਿਤ ਹੋ ਰਹੇ ਵਿਅਕਤੀਆਂ ਦੀ ਸਹਾਇਤਾ ਲਈ ਸੂਬਾ ਸਰਕਾਰ ਵਚਨਬੱਧ ਹੈ। ਇਹ ਗੱਲ ਵਿਧਾਇਕ ਬਲਕਾਰ ਸਿੰਘ ਨੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਵਿਅਕਤੀਆਂ ਦੇ ਘਰਾਂ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਲਈ ਵਿੱਤੀ ਸਹਾਇਤਾ ਦੇਣ ਮੌਕੇ ਕਹੀ।
ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਕਾਰਨ ਕਰਤਾਰਪੁਰ ਦੇ ਗਰੀਬ ਪਰਿਵਾਰਾਂ ਦੇ ਘਰ ਨੁਕਸਾਨੇ ਗਏ ਸਨ । ਉਨ੍ਹਾਂ ਦੀ ਤੁਰੰਤ ਮੁਰੰਮਤ ਕਰਵਾਉਣ ਲਈ ਸ਼ਹਿਰ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ। ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡਾਂ ਵਿੱਚ ਪੰਚਾਂ ਸਰਪੰਚਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਦੀ ਮਦਦ ਨਾਲ ਹੋਏ ਨੁਕਸਾਨ ਦਾ ਪਤਾ ਕਰਵਾਉਣ ਲਈ ਵਰਕਰਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਫਸਲਾਂ ਅਤੇ ਨਿੱਜੀ ਜਾਇਦਾਦ ਦਾ ਨੁਕਸਾਨ ਹੋਇਆ ਹੈ ਜਿਸ ਦੀ ਜਾਣਕਾਰੀ ਲੈਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਤਾਂ ਕਿ ਸਮੇਂ ਸਿਰ ਨੁਕਸਾਨ ਦਾ ਮੁਆਵਜ਼ਾ ਦਵਾਇਆ ਜਾ ਸਕੇ।
ਉਨ੍ਹਾਂ ਪਿੰਡਾਂ ਵਿੱਚ ਆਏ ਪਾਣੀ ਤੋਂ ਬਚਾਅ ਕਰ ਰਹੇ ਨੌਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੁਸ਼ਕਿਲ ਸਮੇਂ ਵਿੱਚ ਹਰ ਵਿਅਕਤੀ ਨੇ ਆਪਣਾ ਫਰਜ਼ ਨਿਭਾਇਆ ਹੈ।