DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਵੀ ਦੀ ਮਾਰ ਹੇਠ ਆਇਆ ਕਰਤਾਰਪੁਰ ਲਾਂਘਾ

ਗੁਰਦੁਆਰਾ ਕਰਤਾਰਪੁਰ ਸਾਹਬਿ ਦੀ ਯਾਤਰਾ ’ਤੇ ਤਿੰਨ ਦਿਨਾਂ ਲਈ ਲਗਾਈ ਰੋਕ
  • fb
  • twitter
  • whatsapp
  • whatsapp
featured-img featured-img
ਕਰਤਾਰਪੁਰ ਕੌਰੀਡੋਰ ਕੋਲ ਖੜ੍ਹਾ ਰਾਵੀ ਦਾ ਪਾਣੀ। -ਫੋਟੋ: ਸੱਖੋਵਾਲੀਆ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 20 ਜੁਲਾਈ

Advertisement

ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਡੇਰਾ ਬਾਬਾ ਨਾਨਕ ’ਚ ਕਰਤਾਰਪੁਰ ਲਾਂਘਾ ਉਸ ਦੀ ਮਾਰ ਹੇਠ ਆ ਗਿਆ ਹੈ। ਗੁਰਦਾਸਪੁਰ ਪ੍ਰਸ਼ਾਸਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ’ਤੇ ਤਿੰਨ ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਇਸ ਸਬੰਧ ’ਚ ਲੈਂਡ ਪੋਰਟ ਅਥਾਰਿਟੀ ਦੇ ਜਨਰਲ ਮੈਨੇਜਰ ਨੂੰ ਪੱਤਰ ਵੀ ਭੇਜਿਆ ਗਿਆ ਹੈ। ਉਧਰ ਪੰਜਾਬ ਵਿੱਚੋਂ ਲੰਘਦੇ ਜ਼ਿਆਦਾਤਰ ਦਰਿਆਵਾਂ ਦਾ ਪਾਣੀ ਚੜ੍ਹਿਆ ਹੋਇਆ ਹੈ। ਘੱਗਰ ਅਤੇ ਰਾਵੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਚਪੇਟ ਵਿੱਚ ਸੈਂਕੜੇ ਪਿੰਡ ਅਤੇ ਹਜ਼ਾਰਾਂ ਏਕੜ ਫ਼ਸਲ ਆ ਚੁੱਕੀ ਹੈ। ਸਰਦੂਲਗੜ੍ਹ ਦੇ ਪਿੰਡ ਭੱਲਣਵਾੜਾ ’ਚ ਅੱਜ ਘੱਗਰ ਦੇ ਬੰਨ੍ਹ ’ਚ ਪਾੜ ਪੈ ਗਿਆ ਜਿਸ ਕਾਰਨ ਕਈ ਪਿੰਡਾਂ ਵਿੱਚ ਹੜ੍ਹ ਆ ਗਏ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਸਰਹੱਦੀ ਖੇਤਰ ਵੀ ਪਾਣੀ ਵਿੱਚ ਡੁੱਬ ਗਿਆ ਹੈ। ਕੰਡਿਆਲੀ ਤਾਰ ਪਾਣੀ ’ਚ ਡੁੱਬਣ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਯਾਤਰੀ ਨਹੀਂ ਜਾ ਪਾ ਰਹੇ ਹਨ। ਦੂਜੇ ਪਾਸੇ ਘੱਗਰ ਦੀ ਮਾਰ ਹੇਠ ਸਿਰਸਾ (ਹਰਿਆਣਾ) ਦੇ ਦਰਜਨਾਂ ਪਿੰਡ ਆ ਗਏ ਹਨ। ਹੁਣ ਏਲਨਾਬਾਦ ’ਚ ਵੀ ਪਾਣੀ ਦੇ ਦਾਖ਼ਲ ਹੋਣ ਦਾ ਖ਼ਤਰਾ ਵਧ ਗਿਆ ਹੈ।

ਘੱਗਰ ਦਰਿਆ ਨੇ ਪਟਿਆਲਾ ਤੋਂ ਬਾਅਦ ਸੰਗਰੂਰ ਤੇ ਮਾਨਸਾ ਜ਼ਿਲ੍ਹੇ ’ਚ ਤਬਾਹੀ ਮਚਾਈ ਹੋਈ ਹੈ। ਸਰਦੂਲਗੜ੍ਹ ਦੇ ਲੋਕਾਂ ਨੇ ਸ਼ਹਿਰ ਵਿੱਚ ਪਾਣੀ ਦੇ ਦਾਖ਼ਲੇ ਨੂੰ ਰੋਕਣ ਲਈ ਸਿਰਸਾ-ਮਾਨਸਾ ਕੌਮੀ ਮਾਰਗ ’ਤੇ ਇਕ ਪਾਸੇ ਬੰਨ੍ਹ ਮਾਰ ਦਿੱਤਾ ਸੀ ਪਰ ਪਾਣੀ ਦੇ ਤੇਜ਼ ਵਹਾਅ ਨੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਅਤੇ ਆਲੋਨੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਇੰਨਾ ਹੀ ਨਹੀਂ ਪਾਣੀ ਸਰਦੂਲਗੜ੍ਹ ਸਥਿਤ ਬਿਜਲੀ ਗਰਿੱਡ ਪਾਣੀ ਨਾਲ ਘਿਰ ਗਿਆ। ਲੋਕਾਂ ਨੇ ਗਰਿੱਡ ਅੰਦਰ ਪਾਣੀ ਦਾਖ਼ਲ ਹੋਣ ਤੋਂ ਰੋਕਣ ਲਈ ਮਿੱਟੀ ਦੇ ਗੱਟੇ ਲਗਾਏ ਹਨ ਅਤੇ ਆਰਜ਼ੀ ਤੌਰ ’ਤੇ ਬੰਨ੍ਹ ਮਾਰਿਆ ਜਾ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੇ ਗਰਿੱਡ ਅੰਦਰ ਦਾਖ਼ਲ ਹੋਣ ਨਾਲ ਸ਼ਹਿਰ ’ਚ ਇਕ ਮਹੀਨੇ ਦੇ ਕਰੀਬ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਸਰਹੱਦੀ ਖਿੱਤੇ ਵਿੱਚ ਰਾਵੀ ਨੇ ਕਹਿਰ ਢਾਹਿਆ ਹੋਇਆ ਹੈ। ਦਿਨ ਵੇਲੇ ਕਈ ਵਾਰ ਧੁੱਸੀ ਬੰਨ੍ਹ ਟੁੱਟਣ ਦੀਆਂ ਅਫ਼ਵਾਹਾਂ ਫੈਲਦੀਆਂ ਰਹੀਆਂ ਅਤੇ ਗੁਰਦਾਸਪੁਰ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਧੁੱਸੀ ਬੰਨ੍ਹ ਨੂੰ ਕੁਝ ਨਹੀਂ ਹੋਇਆ ਹੈ ਸਗੋਂ ਪਾਣੀ ਓਵਰਫਲੋਅ ਹੋ ਕੇ ਲੰਘ ਰਿਹਾ ਹੈ। ਦਰਜਨਾਂ ਪਿੰਡਾਂ ਨੂੰ ਖਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।

ਸਰਦੂਲਗੜ੍ਹ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਦੇ ਹੋਏ ਫ਼ੌਜ ਦੇ ਜਵਾਨ। -ਫੋਟੋ: ਟ੍ਰਬਿਿਊਨ
ਸਰਦੂਲਗੜ੍ਹ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਦੇ ਹੋਏ ਫ਼ੌਜ ਦੇ ਜਵਾਨ। -ਫੋਟੋ: ਟ੍ਰਬਿਿਊਨ

ਸਰਦੂਲਗੜ੍ਹ (ਬਲਜੀਤ ਸਿੰਘ): ਘੱਗਰ ਦੀ ਮਾਰ ਝੱਲ ਰਹੇ ਸਰਦੂਲਗੜ੍ਹ ਲਈ ਉਸ ਸਮੇਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਜਦੋਂ ਫੂਸਮੰਡੀ ਦੇ ਨਜ਼ਦੀਕ ਹੀ ਪਿੰਡ ਭੱਲਣਵਾੜਾ ’ਚ ਵੀ ਘੱਗਰ ਦੇ ਬੰਨ੍ਹ ਚ ਪਾੜ ਪੈ ਗਿਆ। ਪਾਣੀ ਭੱਲਣਵਾੜਾ ਅਤੇ ਕੋੜੀਵਾੜਾ ਦੇ ਖੇਤਾਂ ਤੇ ਨੀਵੀਆਂ ਥਾਵਾਂ ਤੋਂ ਹੁੰਦਾ ਹੋਇਆ ਸਰਦੂਲਗੜ੍ਹ-ਰਤੀਆ ਸੜਕ ਤੱਕ ਪਹੁੰਚ ਗਿਆ ਹੈ। ਇਸ ਸੜਕ ’ਤੇ ਬਣੇ ਸਕੂਲ ਅਕਾਲ ਅਕੈਡਮੀ ਕੋੜੀਵਾੜਾ ਅਤੇ ਸੇਕਰਡ ਸੋਲਜ਼ ਸਕੂਲ ’ਚ ਵੀ ਪਾਣੀ ਦਾਖ਼ਲ ਹੋ ਗਿਆ ਹੈ। ਸਰਦੂਲਗੜ੍ਹ ਸ਼ਹਿਰ ’ਚ ਅਨਾਜ ਮੰਡੀ, ਸਾਧੂਵਾਲਾ ਰੋਡ ਅਤੇ ਚੌੜਾ ਬਾਜ਼ਾਰ ’ਚ ਵੀ ਕਾਫੀ ਪਾਣੀ ਭਰ ਗਿਆ ਹੈ। ਸਾਧੂਵਾਲਾ, ਫੂਸਮੰਡੀ ਆਦਿ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ’ਚ ਢਾਣੀਆਂ ਆਦਿ ’ਚ ਬੈਠੇ ਪਰਿਵਾਰਾਂ ਨੂੰ ਕਿਸ਼ਤੀਆਂ ਰਾਹੀ ਲੋੜੀਂਦਾ ਸਾਮਾਨ ਭੇਜਿਆ ਜਾ ਰਿਹਾ ਹੈ। ਪਾਣੀ ਦੇ ਵਧ ਰਹੇ ਪੱਧਰ ਨੂੰ ਵੇਖਦਿਆਂ ਐੱਨਡੀਆਰਐੱਫ ਦੇ ਜਵਾਨ ਅਤੇ ਰਾਹਤ ਕਾਮਿਆਂ ਨੇ ਆਪਣੀ ਚੌਕਸੀ ਵਧਾ ਦਿੱਤੀ ਹੈ।

ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਰਾਵੀ ਦਰਿਆ ਚੜ੍ਹਨ ਕਾਰਨ ਕਰਤਾਰਪੁਰ ਲਾਂਘੇ ਨੇੜੇ ਦਰਸ਼ਨ ਅਸਥਾਨ ਕੋਲ ਪਾਣੀ ਆ ਗਿਆ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਦੀ ਤਾਂਘ ਲੈ ਕੇ ਆਏ ਸ਼ਰਧਾਲੂਆਂ ਨੂੰ ਨਿਰਾਸ਼ ਹੀ ਪਰਤਣਾ ਪਿਆ ਕਿਉਂਕਿ ਕਰਤਾਰਪੁਰ ਲਾਂਘੇ ਕੋਲ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਰਤਾਰਪੁਰ ਸਾਹਿਬ ਦੀ ਯਾਤਰਾ ’ਤੇ ਰੋਕ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਉਹ ਪੂਰੀ ਤਰਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਸਵੇਰੇ ਲਾਂਘੇ ਨੇੜੇ ਧੁੱਸੀ ਬੰਨ੍ਹ ਕੋਲ ਪਾਕਿਸਤਾਨ ਦੇ ਪਾਸੇ ਤੋਂ ਰਾਵੀ ਦਰਿਆ ਦਾ ਕੁਝ ਪਾਣੀ ਆਇਆ ਹੈ ਪਰ ਇਹ ਪਾਕਿਸਤਾਨ ਵਾਲੇ ਪਾਸੇ ਦਰਸ਼ਨ ਅਸਥਾਨ ਦੇ ਨਜ਼ਦੀਕ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ ਅਤੇ ਸਥਿਤੀ ਉਪਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਪਾਕਿਸਤਾਨ ਵਾਲੇ ਪਾਸੋਂ ਤੋਂ ਕਿਵੇਂ ਆਇਆ, ਇਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Advertisement
×