ਕਾਰਗਿਲ ਜੰਗ ਦੇ ਹੀਰੋ ਨੇ ਮੁੱਖ ਮੰਤਰੀ ਵੱਲੋਂ ਦਿੱਤਾ ਸਨਮਾਨ ਮੋੜਿਆ
ਕਾਰਗਿਲ ਯੁੱਧ ਦੇ ਹੀਰੋ ਅਤੇ ਰਾਸ਼ਟਰਪਤੀ ਤੋਂ ਬਹਾਦਰੀ ਪੁਰਸਕਾਰ ਹਾਸਲ ਕਰ ਚੁੱਕੇ ਪਿੰਡ ਗੁਰੂਸਰ ਨਾਲ ਸਬੰਧਤ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਵੱਲੋਂ 15 ਅਗਸਤ ਨੂੰ ਰਾਜ ਪੱਧਰੀ ਸਮਾਗਮ ਵਿੱਚ ਦਿੱਤਾ ਮੈਡਲ ਅਤੇ ਸਨਮਾਨ ਪੱਤਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਪਸ ਭੇਜ ਦਿੱਤਾ ਹੈ। ਮੈਡਲ ਅਤੇ ਸਨਮਾਨ ਪੱਤਰ ਵਾਪਸ ਭੇਜਦੇ ਸਮੇਂ ਡੀਸੀ ਨੂੰ ਸੰਬੋਧਨ ਕਰਦੇ ਨਾਲ ਨੱਥੀ ਕੀਤੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਇਹ ਮੈਡਲ ਮੁੱਖ ਮੰਤਰੀ ਦੇ ਸਮਾਗਮ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਏਡੀਸੀ (ਵਿਕਾਸ) ਨੇ ਉਨ੍ਹਾਂ ਨੂੰ ਦੇ ਦਿੱਤਾ ਸੀ ਅਤੇ ਇਸ ਤੋਂ ਬਾਅਦ ਕਥਿਤ ਤੌਰ ’ਤੇ ਪ੍ਰਬੰਧਾਂ ਦੀ ਘਾਟ ਕਾਰਨ ਉਸ ਨਾਲ ਜੋ ਹੋਇਆ ਉਸ ਨੂੰ ਉਹ ਸਨਮਾਨ ਨਹੀਂ ਬਲਕਿ ਆਪਣਾ ਅਪਮਾਨ ਸਮਝਦੇ ਹਨ। ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਰਗਿਲ ਯੁੱਧ ਦੌਰਾਨ ਉਹ ਐੱਮਆਈ 17 ਹੈਲੀਕੈਪਟਰ ’ਤੇ ਸਵਾਰ ਸਨ ਅਤੇ ਉਨ੍ਹਾਂ ਟਾਈਗਰ ਹਿੱਲ ਤੇ ਟੋਲੋਲਿੰਗ ਹਿੱਲ ਨੂੰ ਬੰਬਾਰੀ ਕਰਕੇ ਖਾਲੀ ਕਰਾਵਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ 35 ਦਿਨ ਇਸ ਯੁੱਧ ਵਿੱਚ ਲੜਦੇ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸੇ ਬਹਾਦਰੀ ਕਰਕੇ ਹੀ ਰਾਸ਼ਟਰਪਤੀ ਨੇ ਬਹਾਦਰੀ ਪੁਰਸਕਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਵੀ ਭਾਰਤੀ ਫੌਜ ਅਤੇ ਏਅਰ ਫੋਰਸ ਵਿੱਚ ਉਨ੍ਹਾਂ ਦੇ ਦੋਵੇਂ ਪੁੱਤਰ ਇੱਕ ਲੈਫਟੀਨੈਂਟ ਕਰਨਲ (ਹੈਲੀਕਾਪਟਰ ਪਾਇਲਟ) ਦੂਜਾ ਫਾਈਟਰ ਪਾਇਲਟ ਹੈ, ਜਦੋਂ ਕਿ ਉਹ ਖੁਦ ਕਾਰਗਿਲ ਯੁੱਧ ਤੋਂ ਬਾਅਦ 21 ਸਾਲ ਪੀਐੱਮਓ ਵਿੱਚ ਨੌਕਰੀ ਕਰਕੇ ਸੇਵਾਮੁਕਤ ਹੋਏ ਹਨ।
ਉਨ੍ਹਾਂ ਦੱਸਿਆ ਕਿ 15 ਅਗਸਤ ਦੇ ਫਰੀਦਕੋਟ ਵਿੱਚ ਹੋਏ ਰਾਜ ਪੱਧਰੀ ਸਮਾਗਮ ਵਿੱਚ ਉਨ੍ਹਾਂ ਸਣੇ ਕਾਰਗਿਲ ਵਾਰ ਹੀਰੋ ਅਤੇ ਜੰਗੀ ਵਿਧਵਾਵਾਂ ਨੂੰ ਸਨਮਾਨ ਕਰਨ ਲਈ ਬੁਲਾਇਆ ਗਿਆ। ਪਹਿਲਾਂ ਤਾਂ 15 ਮਿੰਟ ਉਨ੍ਹਾਂ ਨੂੰ ਨਹਿਰੂ ਸਟੇਡੀਅਮ ਦੇ ਬਾਹਰ ਰੋਕੀ ਰੱਖਿਆ ਫਿਰ ਜਦੋਂ ਹੀ ਉਹ ਅੰਦਰ ਗਏ ਤਾਂ ਉਨ੍ਹਾਂ ਨੂੰ ਮੈਡਲ ਅਤੇ ਸਨਮਾਨ ਪੱਤਰ ਦੇ ਕੇ ਕੁਰਸੀਆਂ ’ਤੇ ਬਿਠਾ ਦਿੱਤਾ, ਜਦੋਂਕਿ ਮੁੱਖ ਮੰਤਰੀ ਨੇ ਹਾਲੇ ਸਮਾਗਮ ਵਿੱਚ ਪਹੁੰਚਣਾ ਸੀ। ਉਨ੍ਹਾਂ ਕਿਹਾ ਕਿ ਜਦੋਂ ਸਨਮਾਨ ਦੇਣ ਦੀ ਵਾਰੀ ਆਈ ਤਾਂ ਸਟੇਜ ਤੋਂ ਉਨ੍ਹਾਂ ਦਾ ਅਤੇ ਉਨ੍ਹਾਂ ਨਾਲ ਆਏ 7 ਦੇ ਕਰੀਬ ਵਾਰ ਹੀਰੋ ਅਤੇ ਕਾਰਗਿਲ ਜੰਗੀ ਵਿਧਵਾਵਾਂ ਦਾ ਨਾਮ ਬੋਲਿਆ ਗਿਆ ਅਤੇ ਕਿਹਾ ਗਿਆ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਣਗੇ। ਕਾਰਗਿਲ ਵਾਰ ਹੀਰੋ ਨੇ ਦੱਸਿਆ ਕਿ ਸਮਾਗਮ ਪ੍ਰਬੰਧਕਾਂ ਦੇ ਕਥਿਤ ਮਾੜੇ ਪ੍ਰਬੰਧਾਂ ਕਰਕੇ ਉਸ ਨੂੰ ਕਿਸੇ ਨੇ ਅੱਗੇ ਨਹੀਂ ਜਾਣ ਦਿੱਤਾ ਜਿਸ ਦਾ ਉਨ੍ਹਾਂ ਮੌਕੇ ’ਤੇ ਮੌਜੂਦ ਜ਼ਿਲ੍ਹਾ ਸੈਨਿਕ ਭਲਾਈ ਅਫਸਰ ਕੋਲ ਰੋਸ ਕੀਤਾ।
ਉਨ੍ਹਾਂ ਕਿਹਾ ਕਿ ਇਸ ਸਾਰੀ ਕਾਰਵਾਈ ਨੂੰ ਉਹ ਆਪਣਾ ਅਪਮਾਨ ਸਮਝਦੇ ਹਨ, ਇਸ ਲਈ ਉਨ੍ਹਾਂ ਫੈਸਲਾ ਕੀਤਾ ਕਿ ਉਹ ਇਹ ਮੈਡਲ ਅਤੇ ਸਨਮਾਨ ਪੱਤਰ ਆਪਣੇ ਕੋਲ ਨਹੀਂ ਰੱਖਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿੰਡ ਦੇ ਸਰਪੰਚ ਧਰਮਪਾਲ ਸਿੰਘ ਅਤੇ ਪੰਚਾਂ ਦੀ ਹਾਜ਼ਰੀ ਵਿੱਚ ਇਹ ਮੈਡਲ ਅਤੇ ਸਨਮਾਨ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਡਾਕ ਰਾਹੀਂ ਵਾਪਸ ਭੇਜ ਦਿੱਤਾ ਹੈ।