ਨਾਜਾਇਜ਼ ਖਣਨ ਕਾਰਨ ਡੁੱਬਿਆ ਕੰਢੀ ਖੇਤਰ
ਇਲਾਕੇ ’ਚ ਲਗਾਤਾਰ ਪੈ ਰਹੇ ਮੀਂਹ ਅਤੇ ਡੈਮਾਂ ਤੋਂ ਛੱਡੇ ਪਾਣੀ ਕਾਰਨ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਹੇਠ ਹਨ। ਦੂਜੇ ਪਾਸੇ, ਕੰਢੀ ਖੇਤਰ ਵਿੱਚ ਸਾਲਾਂ ਤੋਂ ਹੋ ਰਹੀ ਨਾਜਾਇਜ਼ ਖਣਨ ਨੇ ਅਨੇਕਾਂ ਪਿੰਡਾਂ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਹਨ। ਕੰਢੀ ਇਲਾਕੇ ਵਿੱਚ ਚੋਆਂ ਅਤੇ ਖੱਡਾਂ ਵਿੱਚ ਪਹਿਲਾਂ ਸੀਮਤ ਮਾਤਰਾ ਵਿੱਚ ਪਾਣੀ ਆਉਂਦਾ ਰਿਹਾ ਹੈ ਪਰ ਤਿੰਨ-ਚਾਰ ਸਾਲਾਂ ਤੋਂ ਖਣਨ ਤੇ ਦਰੱਖਤਾਂ ਦੀ ਨਾਜਾਇਜ਼ ਕਟਾਈ ਕਾਰਨ ਪਾਣੀ ਨੇ ਕੰਢੀ ਖੇਤਰ ’ਚ ਵੱਡਾ ਨੁਕਸਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਜੇਜੋਂ ਨੇੜੇ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਚੱਲਦੇ ਕਰੱਸ਼ਰਾਂ ਤੋਂ ਖੱਡਾਂ ਅਤੇ ਚੋਆਂ ਰਸਤੇ ਖਣਨ ਸਮੱਗਰੀ ਨਾਲ ਭਰੇ ਵਾਹਨ ਦਿਨ-ਰਾਤ ਚੱਲਦੇ ਹਨ। ਇਸੇ ਲਾਂਘੇ ਕਾਰਨ ਹਿਮਾਚਲ ਦੀਆਂ ਖੱਡਾਂ ਦੇ ਪਾਣੀ ਨੇ ਮਾਹਿਲਪੁਰ, ਕੋਟ ਫਤੂਹੀ ਸਣੇ ਹੋਰ ਪਿੰਡਾਂ ’ਚ ਤਬਾਹੀ ਕੀਤੀ ਹੈ। ਪਿੰਡ ਰਾਮਪੁਰ ਦੀ ਪੰਚਾਇਤ ਨੇ ਆਪਣੇ ਜੰਗਲੀ ਰਕਬੇ ’ਚੋਂ ਹਿਮਾਚਲ ਦੇ ਦੋ ਕਰੱਸ਼ਰਾਂ ਨੂੰ ਲਾਂਘਾ ਦਿੱਤਾ ਹੈ ਜੋ ਲੋਕਾਂ ਲਈ ਨੁਕਸਾਨਦਾਇਕ ਸਾਬਿਤ ਹੋਇਆ ਹੈ।
ਪਿੰਡ ਬਿਲੜੋਂ ਦੇ ਕਾਮਰੇਡ ਅੱਛਰ ਸਿੰਘ ਨੇ ਕਿਹਾ ਕਿ ਖਣਨ ਮਾਫੀਆ ਪੰਜਾਬ ਦੇ ਕੰਢੀ ਖੇਤਰ ਵੱਡਾ ਨੁਕਸਾਨ ਕਰ ਰਿਹਾ ਹੈ। ਖਣਨ ਮਾਫੀਆ ਦੀ ਭੇਟ ਚੜ੍ਹੀ ਹਿਮਾਚਲ ਪ੍ਰਦੇਸ਼-ਗੜ੍ਹਸ਼ੰਕਰ ਲਿੰਕ ਸੜਕ ਟੁੱਟਣ ਕਾਰਨ ਤਿੰਨ ਦਿਨਾਂ ਤੋਂ ਪੰਦਰਾਂ ਪਿੰਡਾਂ ਦਾ ਸੰਪਰਕ ਟੁੱਟਿਆ ਹੋਇਆ ਹੈ। ਰਾਮਪੁਰ ਦੇ ਜੰਗਲ ’ਚੋਂ ਕਰੱਸ਼ਰ ਚਾਲਕਾਂ ਨੂੰ ਦਿੱਤੇ ਲਾਂਘੇ ਕਾਰਨ ਕਰੀਬ 25 ਪਿੰਡਾਂ ਵਿੱਚ ਲੋਕਾਂ ਦੇ ਘਰਾਂ ’ਚ ਪਾਣੀ ਭਰ ਗਿਆ ਹੈ ਅਤੇ ਸਬਜ਼ੀ, ਝੋਨਾ ਤੇ ਸਾਉਣੀ ਦੀਆਂ ਹੋਰ ਫ਼ਸਲਾਂ ਬਰਬਾਦ ਹੋ ਗਈਆਂ ਹਨ। ਵਾਤਾਵਰਣ ਪ੍ਰੇਮੀ ਵਿਜੈ ਬੰਬੇਲੀ ਨੇ ਕਿਹਾ ਕਿ ਖਣਨ ਮਾਫੀਆ ਦੀਆਂ ਬੇਲਗ਼ਾਮ ਕਾਰਵਾਈਆਂ ਹੜ੍ਹਾਂ ਦਾ ਕਾਰਨ ਬਣੀਆਂ ਹਨ।