ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਮਲ ਭਾਬੀ ਕਤਲ: ਮੁੱਖ ਮੁਲਜ਼ਮ ਮਹਿਰੋਂ ਯੂਏਈ ਭੱਜਿਆ

ਮਾਮਲੇ ਵਿੱਚ ਦੋ ਹੋਰ ਮੁਲਜ਼ਮ ਨਾਮਜ਼ਦ; ਮੁਲਜ਼ਮਾਂ ਨੇ ਤਿੰਨ ਮਹੀਨੇ ਰੇਕੀ ਕੀਤੀ: ਐੱਸਐੱਸਪੀ
ਮੀਡੀਆ ਨੂੰ ਜਾਣਕਾਰੀ ਦਿੰਦੀ ਹੋਈ ਐੱਸਐੱਸਪੀ ਅਮਨੀਤ ਕੌਂਡਲ।
Advertisement

ਸ਼ਗਨ ਕਟਾਰੀਆ

ਬਠਿੰਡਾ, 15 ਜੂਨ

Advertisement

ਕਮਲ ਭਾਬੀ ਕਤਲ ਕੇਸ ਵਿੱਚ ਨਾਮਜ਼ਦ ਅੰਮ੍ਰਿਤਪਾਲ ਸਿੰਘ ਮਹਿਰੋਂ ਭਾਰਤ ਛੱਡ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਚਲਾ ਗਿਆ ਹੈ। ਇਸ ਮਾਮਲੇ ’ਚ ਅੰਮ੍ਰਿਤਪਾਲ ਸਿੰਘ ਮਹਿਰੋਂ ਸਮੇਤ ਤਿੰਨ ਮੁਲਜ਼ਮ ਪਹਿਲਾਂ ਹੀ ਨਾਮਜ਼ਦ ਹਨ, ਹੁਣ ਪੜਤਾਲ ਤੋਂ ਬਾਅਦ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਹੈ। ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਕਤਲ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਪੁਲੀਸ ਤਫ਼ਤੀਸ਼ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕੰਚਨ ਤਿਵਾੜੀ ਉਰਫ਼ ਕਮਲ ਕੌਰ ਭਾਬੀ ਨੂੰ ਕਤਲ ਕਰਨ ਤੋਂ ਪਹਿਲਾਂ ਮੁਲਜ਼ਮ ਤਿੰਨ ਮਹੀਨੇ ਲੁਧਿਆਣਾ ’ਚ ਰੇਕੀ ਕਰਦੇ ਰਹੇ। ਅੰਮ੍ਰਿਤਪਾਲ ਸਿੰਘ ਮਹਿਰੋਂ 8 ਜੂਨ ਨੂੰ ਕੰਚਨ ਦੇ ਘਰ ਗਿਆ ਅਤੇ ਉਸ ਨਾਲ ਕਾਰਾਂ ਦੀ ਪ੍ਰਮੋਸ਼ਨ ਲਈ ਬਠਿੰਡਾ ਜਾਣ ਤੇ ਕੰਚਨ ਦੀ ਕਾਰ ਦੀ ਮੁਰੰਮਤ ਕਰਵਾ ਕੇ ਦੇਣ ਬਾਬਤ ਗੱਲ ਕੀਤੀ।

ਕੰਚਨ ਬਠਿੰਡਾ ਜਾਣ ਲਈ ਰਾਜ਼ੀ ਹੋ ਗਈ। ਨੌਂ ਜੂਨ ਨੂੰ ਅੰਮ੍ਰਿਤਪਾਲ ਸਿੰਘ ਮਹਿਰੋਂ, ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਤਿੰਨੋਂ ਜਣੇ ਮੋਗਾ ਤੋਂ ਲੁਧਿਆਣਾ ਗਏ ਅਤੇ ਵਟਸਐਪ ’ਤੇ ਸੰਪਰਕ ਕਰਕੇ ਕੰਚਨ ਨੂੰ ਅਪੋਲੋ ਹਸਪਤਾਲ ਕੋਲ ਬੁਲਾ ਲਿਆ। ਬਠਿੰਡਾ ਪਹੁੰਚ ਕੇ ਕੰਚਨ ਦੀ ਗੱਡੀ ਨੂੰ ਮੁਰੰਮਤ ਲਈ ਗੈਰਾਜ ਵਿੱਚ ਲਾ ਦਿੱਤਾ। ਕਰੀਬ ਅੱਧੀ ਰਾਤ ਨੂੰ 12:30 ਵਜੇ ਕੰਚਨ ਦੀ ਗੱਡੀ ਦੀ ਮੁਰੰਮਤ ਮੁਕੰਮਲ ਹੋਈ। ਇੱਥੋਂ ਕੰਚਨ ਵਾਲੀ ਗੱਡੀ ਅੰਮ੍ਰਿਤਪਾਲ ਸਿੰਘ ਚਲਾਉਣ ਲੱਗਾ ਅਤੇ ਕੰਚਨ ਉਸ ਨਾਲ ਸੀ। ਨਿਮਰਤਜੀਤ ਸਿੰਘ ਤੇ ਜਸਪ੍ਰੀਤ ਸਿੰਘ ਸਕਾਰਪੀਓ ਗੱਡੀ ’ਤੇ ਸਨ। ਗੈਰਾਜ ਤੋਂ ਉਹ ਭੁੱਚੋ ਵੱਲ ਚਲੇ ਗਏ ਅਤੇ ਸਕਾਰਪੀਓ ਗੱਡੀ ਪੈਟਰੋਲ ਪੰਪ ’ਤੇ ਰੋਕ ਕੇ ਸਾਰੇ ਇੱਕੋ ਗੱਡੀ ’ਚ ਸਵਾਰ ਹੋ ਗਏ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕੰਚਨ ਤੋਂ ਉਸ ਦੇ ਆਈ ਫ਼ੋਨ ਅਤੇ ਟੱਚ ਸਕਰੀਨ ਫ਼ੋਨ ਖੋਹ ਲਏ ਅਤੇ ਪਾਸਵਰਡ ਪੁੱਛਣਾ ਸ਼ੁਰੂ ਕਰ ਦਿੱਤਾ। ਐੱਸਐੱਸਪੀ ਅਨੁਸਾਰ ਥੋੜ੍ਹੀ ਦੇਰ ਮਗਰੋਂ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਨੇ ਕੰਚਨ ਦੇ ਗਲੇ ’ਚ ਕਮਰਕੱਸਾ ਪਾ ਕੇ ਖਿੱਚਿਆ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕੰਚਨ ਦਾ ਗਲਾ ਘੁੱਟ ਦਿੱਤਾ ਤੇ ਉਸ ਦੀ ਮੌਤ ਗਈ। ਇਸ ਤੋਂ ਬਾਅਦ ਉਕਤ ਪੈਟਰੋਲ ਪੰਪ ’ਤੇ ਉਨ੍ਹਾਂ ਨੂੰ ਰਣਜੀਤ ਸਿੰਘ ਵਾਸੀ ਪਿੰਡ ਸੋਹਲ ਥਾਣਾ ਝਬਾਲ (ਜ਼ਿਲ੍ਹਾ ਤਰਨਤਾਰਨ) ਅਤੇ ਇਕ ਹੋਰ ਅਣਪਛਾਤਾ ਵਿਅਕਤੀ ਮਿਲਿਆ। ਇੱਥੋਂ ਉਹ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਨਾਲ ਲੈ ਗਏ ਜਦੋਂ ਕਿ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਵੱਲੋਂ ਕੰਚਨ ਦੀ ਗੱਡੀ ਆਦੇਸ਼ ਹਸਪਤਾਲ ਦੀ ਪਾਰਕਿੰਗ ’ਚ ਖੜ੍ਹੀ ਕੀਤੀ ਗਈ।

ਐੱਸਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਦਰਜ ਪਹਿਲੇ ਕੇਸ ’ਚ ਹੁਣ ਵਾਧਾ ਜੁਰਮ ਕਰ ਕੇ ਰਣਜੀਤ ਸਿੰਘ ਅਤੇ ਅਣਪਛਾਤੇ ਵਿਅਕਤੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਵਾਰਦਾਤ ਕਰਨ ਤੋਂ ਬਾਅਦ ਬਠਿੰਡਾ ਤੋਂ ਸਿੱਧਾ ਅੰਮ੍ਰਿਤਸਰ ਗਿਆ ਅਤੇ ਸਵੇਰੇ 9:15 ਵਜੇ ਦੇਸ਼ ਛੱਡ ਕੇ ਯੂਏਈ ਚਲਾ ਗਿਆ।

ਉਨ੍ਹਾਂ ਦੱਸਿਆ ਕਿ ਸਬੰਧਤ ਏਜੰਸੀਆਂ ਰਾਹੀਂ ਉਸ ਨੂੰ ਵਾਪਸ ਭਾਰਤ ਡਿਪੋਰਟ ਕਰਨ ਬਾਰੇ ਪੁਲੀਸ ਨੇ ਕਾਰਵਾਈ ਆਰੰਭ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਕੰਚਨ ਦੀ ਮੌਤ ਤੋਂ ਪਹਿਲਾਂ ਮੁਲਜ਼ਮਾਂ ਵੱਲੋਂ ਉਸ ਨਾਲ ਕਥਿਤ ਤੌਰ ’ਤੇ ਕੀਤੇ ਜ਼ਬਰ-ਜਨਾਹ ਬਾਰੇ ਪੋਸਟਮਾਰਟਮ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਦੇ ਸਾਈਬਰ ਵਿੰਗ ਨੇ ਕੰਚਨ ਕੁਮਾਰੀ ਦੇ ਚਾਰ ਲੱਖ ਤੋਂ ਵੱਧ ਫ਼ਾਲੋਅਰਜ਼ ਵਾਲੇ ਸੋਸ਼ਲ ਮੀਡੀਆ ਅਕਾਊਂਟ ਨੂੰ ਰੱਦ ਕਰ ਦਿੱਤਾ ਹੈ।

Advertisement