ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਦਾ ਮਾਮਲਾ ਭਖ਼ ਗਿਆ। ਪੀੜਤ ਪਰਿਵਾਰ ਉਸ ਦਾ ਸਸਕਾਰ ਕਰਨ ਲਈ ਤਿਆਰ ਨਹੀਂ ਹੈ। ਪਰਿਵਾਰ ਨੇ ਹਾਲੇ ਤੱਕ ਉਸ ਦਾ ਪੋਸਟਮਾਰਟਮ ਕਰਨ ਲਈ ਸਹਿਮਤੀ ਨਹੀਂ ਦਿੱਤੀ। ਉਸ ਦੀ ਮਾਂ ਜਸਵਿੰਦਰ ਕੌਰ ਨੇ ਕਿਹਾ ਕਿ ਉਸ ਦੇ ਪੁੱਤ ਨੂੰ ਮਾਰਨ ਵਾਲੇ ਨੂੰ ਵੀ ਓਹੀ ਸਜ਼ਾ ਮਿਲਣੀ ਚਾਹੀਦੀ ਹੈ। ਪਿੰਡ ਗਿੱਦੜਵਿੰਡੀ ਦੇ ਵਸਨੀਕ ਤੇ ਯੂਥ ਕਾਂਗਰਸ ਜਗਰਾਉਂ ਦੇ ਪ੍ਰਧਾਨ ਮਨੀ ਗਰਗ ਨੇ ਦੱਸਿਆ ਕਿ ਤੇਜਪਾਲ ਦੀ ਭੈਣ ਵਿਦੇਸ਼ ਵਿੱਚ ਹੈ, ਜਿਸ ਦੇ ਆਉਣ ਤੋਂ ਬਾਅਦ ਸਸਕਾਰ ਸਬੰਧੀ ਫ਼ੈਸਲਾ ਲਿਆ ਜਾਵੇਗਾ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਿਵਾਰ ਨਾਲ ਦੁੱਖ ਵੰਡਾਇਆ। ਉਨ੍ਹਾਂ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੂੰ ਸਰਕਾਰ ਲਈ ਪਰਿਵਾਰ ’ਤੇ ਦਬਾਅ ਨਾ ਪਾਉਣ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਧੱਕਾ ਕੀਤਾ ਤਾਂ ਉਹ ਘਿਰਾਓ ਕਰਨਗੇ। ਸ੍ਰੀ ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਭਗਵੰਤ ਮਾਨ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਜੋਂ ਫੇਲ੍ਹ ਸਾਬਤ ਹੋਏ ਹਨ। ਪੰਜਾਬ ਪੁਲੀਸ ਵੀ ਅਪਰਾਧ ਰੋਕਣ ਵਿੱਚ ਅਸਫ਼ਲ ਹੈ। ਪਿਛਲੇ ਤਿੰਨ ਚਾਰ ਦਿਨਾਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸ੍ਰੀ ਵੜਿੰਗ ਨੇ ਕਿਹਾ ਕਿ ਕਿਸੇ ਨੂੰ ਗੋਲੀ ਮਾਰਨਾ ਤੇ ਫਿਰੌਤੀ ਮੰਗਣਾ ਹੁਣ ਆਮ ਹੈ। ਅਪਰਾਧੀ ਜੋ ਜੁਰਮ ਕਰਦੇ ਹਨ ਉਨ੍ਹਾਂ ਖ਼ਿਲਾਫ਼ ਓਹੀ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ ਜਿਵੇਂ ਅਰਬ ਮੁਲਕਾਂ ਵਿੱਚ ਹੁੰਦਾ ਹੈ। ਜੇਲ੍ਹਾਂ ਵਿੱਚ ਬੈਠ ਕੇ ਫਿਰੌਤੀਆਂ ਮੰਗਣ ਵਾਲਿਆਂ ਦਾ ਨੈੱਟਵਰਕ ਤੋੜਨਾ ਪਵੇਗਾ। ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਖ਼ਤਮ ਕਰਨ ਦੀ ਵੀ ਨਿਖੇਧੀ ਕੀਤੀ।
ਜੱਸੂ ਤੇ ਬਰਾੜ ਨੇ ਕਤਲ ਦੀ ਜ਼ਿੰਮੇਵਾਰੀ ਲਈ
ਇਥੇ ਕੱਲ੍ਹ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਦੀ ਜ਼ਿੰਮੇਵਾਰੀ ਦੋ ਵਿਅਕਤੀਆਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਹੈ। ਹਾਲਾਂਕਿ ਸੋਸ਼ਲ ਮੀਡੀਆ ’ਤੇ ਵਾਇਰਲ ਪੋਸਟ ਨੂੰ ਪੁਲੀਸ ਨੇ ਝੂਠਾ ਕਰਾਰ ਦਿੱਤਾ ਹੈ। ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਨੇ ਆਪਣੇ ਨਾਮ ਜੱਸੂ ਕੂਮ ਅਤੇ ਬਰਾੜ ਚੜਿੱਕ ਦੱਸੇ ਹਨ। ਉਨ੍ਹਾਂ ਇਸ ਕਤਲ ਨੂੰ ਨਿੱਜੀ ਰੰਜਿਸ਼ ਕਰਾਰ ਦਿੱਤਾ ਹੈ। ਡੀ ਐੱਸ ਪੀ ਜਸਵਿੰਦਰ ਸਿੰਘ ਢੀਂਡਸਾ ਨੇ ਪੋਸਟ ਨੂੰ ਝੂਠਾ ਕਰਾਰ ਦਿੰਦਿਆਂ ਆਖਿਆ ਕਿ ਪੁਲੀਸ ਕਾਤਲਾਂ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਇਹ ਪੋਸਟ ਪੁਲੀਸ ਅਤੇ ਲੋਕਾਂ ਦਾ ਧਿਆਨ ਭੜਕਾਉਣ ਲਈ ਪਾਈ ਗਈ ਹੈ। ਉਨ੍ਹਾਂ ਆਖਿਆ ਕਿ ਕਾਤਲ ਪਿੰਡ ਰੂਮੀ ਨਾਲ ਸਬੰਧਤ ਹਨ, ਜਿਨ੍ਹਾਂ ਦਾ ਪਿਛੋਕੜ ਅਪਰਾਧਿਕ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਕਤਲ ਵਾਲੀ ਥਾਂ ਤੋਂ ਲੈ ਕੇ ਸੜਕ ਦੇ ਦੋਵਾਂ ਪਾਸੇ ਲੱਗੇ ਕੈਮਰਿਆਂ ਦੀ ਜਾਂਚ ਵੀ ਬਾਰੀਕੀ ਨਾਲ ਕਰ ਰਹੀ ਹੈ।

