ਬਾਲ ਨਿਆਂ ਐਕਟ: ਬਹਾਲੀ ਵਿਧੀਆਂ ਬਾਰੇ ਖੋਜ ਰਿਪੋਰਟ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਈ
ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ‘ਬਾਲ ਅਪਰਾਧ ਤੇ ਸੰਸਥਾਗਤ ਢਾਂਚਾ- ਪੰਜਾਬ ਵਿੱਤ ਬਾਲ ਨਿਆਂ ਐਕਟ, 2015’ ਤਹਿਤ ਬਹਾਲੀ ਵਿਧੀਆਂ ਦਾ ਮੁਲਾਂਕਣ ਕਰਨ ਵਾਲੀ ਰਿਪੋਰਟ ਜਾਰੀ ਕੀਤੀ। ਇਹ ਰਿਪੋਰਟ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਜਾਰੀ ਕੀਤੀ ਗਈ ਹੈ। ਇਹ ਖੋਜ ਪ੍ਰਾਜੈਕਟ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸੌਂਪਿਆ ਗਿਆ ਸੀ, ਜਿਸ ਦਾ ਉਦੇਸ਼ ਬਾਲ ਨਿਆਂ ਐਕਟ ਦੇ ਤਹਿਤ ਮੁੜ-ਬਹਾਲੀ ਵਿਧੀਆਂ ਤੇ ਸੰਸਥਾਗਤ ਪ੍ਰਤੀਕਿਰਿਆਵਾਂ ਦਾ ਰਾਜ ਵਿਆਪੀ ਮੁਲਾਂਕਣ ਕਰਨਾ ਸੀ। ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਅਧਿਐਨ ਪੰਜਾਬ ਦੀ ਕਿਸ਼ੋਰ ਨਿਆਂ ਪ੍ਰਣਾਲੀ ਦੇ ਅੰਦਰਲੇ ਪਾੜੇ ਅਤੇ ਸੰਭਾਵਨਾਵਾਂ ’ਤੇ ਕੇਂਦਰਿਤ ਹੈ। ਇਹ ਖੋਜਾਂ ਪੰਜਾਬ ਵਿੱਚ ਕਿਸ਼ੋਰ ਅਪਰਾਧ ਪ੍ਰਤੀ ਪੁਨਰਵਾਸ ਤੇ ਬਹਾਲੀ ਪ੍ਰਤੀਕਿਰਿਆ ਨੂੰ ਵਧਾਉਣ ਵਿੱਚ ਮਦਦ ਕਰਨਗੀਆਂ। ਇਹ ਰਿਪੋਰਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਤੇ ਸਹਾਇਕ ਪ੍ਰੋਫੈਸਰ ਡਾ. ਗੌਤਮ ਸੂਦ ਵੱਲੋਂ ਤਿਆਰ ਕੀਤੀ ਗਈ ਹੈ। ਇਸ ਵਿੱਚ ਜੈਂਡਰ ਮਾਹਿਰ ਡਾ. ਪ੍ਰੇਰਨਾ ਸਿੰਘ ਤੇ ਖੋਜ ਸਹਾਇਕ ਜਸਮੀਨ ਕੌਰ ਦੇ ਯੋਗਦਾਨ ਨਾਲ ਤਿਆਰ ਕੀਤੀ ਗਈ ਹੈ।