ਸੰਜੈ ਵਰਮਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ: ਸੁਖਬੀਰ
ਪੰਕਜ ਕੁਮਾਰ
ਅਬੋਹਰ, 12 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਇੱਥੋਂ ਦੇ ਕਾਰੋਬਾਰੀ ਸੰਜੈ ਵਰਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਇਸ ਮੌਕੇ ਮ੍ਰਿਤਕ ਸੰਜੈ ਵਰਮਾ ਦੇ ਭਰਾ ਜਗਤ ਵਰਮਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸੰਜੈ ਵਰਮਾ ਦੇ ਵਿਛੜ ਜਾਣ ਨਾਲ ਨਾ ਸਿਰਫ਼ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਸਗੋਂ ਇਹ ਸਮਾਜਿਕ ਨੁਕਸਾਨ ਵੀ ਹੈ। ਸ੍ਰੀ ਬਾਦਲ ਨੇ ਕਿਹਾ ਕਿ ਵਰਮਾ ਪਰਿਵਾਰ ਨੇ ਸਖ਼ਤ ਮਿਹਨਤ ਕਰਕੇ ਸਮਾਜ ਵਿੱਚ ਆਪਣਾ ਰੁਤਬਾ ਬਣਾਇਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਸੰਜੈ ਵਰਮਾ ਦੇ ਕਾਤਲਾਂ ਨੂੰ ਲੱਭ ਕੇ ਅਜਿਹੀ ਸਖ਼ਤ ਸਜ਼ਾ ਦਿਵਾਈ ਜਾਵੇ ਜੋ ਹੋਰਨਾਂ ਮੁਲਜ਼ਮਾਂ ਲਈ ਵੀ ਖੌਫ ਦਾ ਕਾਰਨ ਬਣੇ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਸ ਵਾਰਦਾਤ ਵਿੱਚ ਸ਼ਾਮਲ ਹੈ, ਉਸ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਬੱਲੂਆਣਾ ਦੇ ਹਲਕਾ ਇੰਚਾਰਜ ਗੁਰਤੇਜ ਸਿੰਘ ਘੁੜਿਆਣਾ, ਅਬੋਹਰ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ, ਵਰਦੇਵ ਸਿੰਘ ਨੋਨੀ ਮਾਨ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।