ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟਸ ਵੱਲੋਂ 25ਵੀਂ ਸਾਲਾਨਾ ਕਾਨਫਰੰਸ ਅਤੇ ਸਿਲਵਰ ਜੁਬਲੀ ਸਮਾਗਮ ਅੱਜ ਚੰਡੀਗੜ੍ਹ ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਵਿੱਚ ਕਰਵਾਇਆ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਚੀਮਾ ਨੇ 21 ਰਾਜਾਂ ਤੋਂ ਆਏ ਪੱਤਰਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੱਤਰਕਾਰ ਦਿਨ-ਰਾਤ ਦੇਸ਼ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦਾ ਹੈ। ਪੱਤਰਕਾਰਾਂ ਦੀ ਕਲਮ ਕਈ ਵਾਰ ਦਿਲ ਨੂੰ ਹਲੂਣ ਦਿੰਦੀ ਹੈ ਤੇ ਕਈ ਵਾਰ ਸਰਕਾਰਾਂ ਨੂੰ ਹਿਲਾ ਦਿੰਦੀ ਹੈ। ਮੁਲਕ ਦੀ ਰਾਜਨੀਤੀ ਹੋਵੇ ਜਾਂ ਸਮਾਜ, ਕੋਈ ਵੀ ਵਰਗ ਹੋਵੇ ਉਸ ਵਿੱਚ ਪੱਤਰਕਾਰ ਅਹਿਮ ਭੂਮਿਕਾ ਨਿਭਾਉਂਦਾ ਹੈ। ਮੰਤਰੀ ਨੇ ਯੂਨੀਅਨ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਅਤੇ ਜਥੇਬੰਦੀ ਦਾ ਸੋਵੀਨਰ ਰਿਲੀਜ਼ ਕੀਤਾ।
ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸ਼ਮ੍ਹਾ ਰੋਸ਼ਨ ਕਰਕੇ ਅੱਜ ਦੇ ਸਮਾਗਮ ਦਾ ਆਗਾਜ਼ ਕੀਤਾ। ਮੇਅਰ ਨੇ ਪੱਤਰਕਾਰਾਂ ਦੀ ਸ਼ਲਾਘਾ ਕੀਤੀ ਤੇ ਯੂਨੀਅਨ ਨੂੰ ਸਿਲਵਰ ਜੁਬਲੀ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਸੀ ਪੀ ਯੂ ਜੇ ਦੇ ਪ੍ਰਧਾਨ ਵਿਨੋਦ ਕੋਹਲੀ ਨੇ ਯੂਨੀਅਨ ਦੀਆਂ ਪ੍ਰਾਪਤੀਆਂ ਅਤੇ ਕੀਤੇ ਗਏ ਸੰਘਰਸ਼ਾਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਪ੍ਰਾਚੀਨ ਕਲਾ ਕੇਂਦਰ ਦੇ ਬੱਚਿਆਂ ਨੇ ਵੰਦੇ ਮਾਤਰਮ ਪੇਸ਼ ਕੀਤਾ। ਸਮਾਗਮ ਦੇ ਅਖੀਰ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਪੱਤਰਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਮੇਅਰ ਅਰੁਣ ਸੂਦ ਤੇ ਹੋਰ ਹਾਜ਼ਰ ਸਨ।

