ਸਾਂਝੇ ਫਰੰਟ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ
ਸੰਧਵਾਂ ਦੀ ਰਿਹਾਇਸ਼ ਅੱਗੇ ਰੈਲੀ; 16 ਨਵੰਬਰ ਨੂੰ ਸੰਗਰੂਰ ’ਚ ਰੈਲੀ ਦਾ ਫ਼ੈਸਲਾ
ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨੇ ਆਪਣੀਆਂ ਮੰਗਾਂ ਸਬੰਧੀ ਸਰਕਾਰ ਦੇ ਨਾਂਹ-ਪੱਖੀ ਰਵੱਈਏ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ਵਿੱਚ ਉਨ੍ਹਾਂ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ। ਇਸ ਮੌਕੇ ਜਥੇਬੰਦੀਆਂ ਦੇ ਆਗੂ ਪ੍ਰੇਮ ਚਾਵਲਾ, ਜਤਿੰਦਰ ਕੁਮਾਰ, ਸੁਖਵਿੰਦਰ ਸਿੰਘ ਸੁੱਖੀ, ਹਰਪ੍ਰੀਤ ਸਿੰਘ, ਅਸ਼ੋਕ ਕੌਸ਼ਲ, ਸੁਰਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਮੌੜ ਨੇ ਸੰਬੋਧਨ ਕੀਤਾ।
ਉਨ੍ਹਾਂ ‘ਆਪ’ ਸਰਕਾਰ ਨੂੰ ਪੰਜਾਬ ਦੀਆਂ ਹੁਣ ਤਕ ਦੀਆਂ ਸਰਕਾਰਾਂ ਵਿੱਚੋਂ ਸਭ ਤੋਂ ਮਾੜੀ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ‘ਆਪ’ ਨੇ ਸੂਬੇ ਵਿੱਚ ਵੱਡੀ ਗਿਣਤੀ ਕੱਚੇ, ਠੇਕਾ ਆਧਾਰਿਤ, ਸਕੀਮ ਵਰਕਰ, ਆਊਟਸੋਰਸ ਮੁਲਾਜ਼ਮ, ਰੈਗੂਲਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਚੋਣ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ।
ਵੀਰ ਇੰਦਰਜੀਤ ਸਿੰਘ ਪੁਰੀ, ਦਰਸ਼ਨ ਬਾਵਾ, ਪ੍ਰਧਾਨ ਹਰਵਿੰਦਰ ਸ਼ਰਮਾ, ਇਕਬਾਲ ਸਿੰਘ ਢੁੱਡੀ, ਗਗਨ ਪਾਹਵਾ, ਗੁਰਪ੍ਰੀਤ ਸਿੰਘ ਔਲਖ, ਸੋਮ ਨਾਥ ਅਰੋੜਾ ਅਤੇ ਹਰਜਸਦੀਪ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੀ ਸੂਚੀ ਦਿਨੋਂ-ਦਿਨ ਲੰਬੀ ਹੋ ਰਹੀ ਹੈ ਪਰ ਸਰਕਾਰ ਇਨ੍ਹਾਂ ਨੂੰ ਮੰਨਣ ਦੀ ਬਜਾਇ ਸਰਕਾਰੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਕਰ ਕੇ ਸਾਂਝੇ ਫਰੰਟ ਨੇ ਫ਼ੈਸਲਾ ਕੀਤਾ ਹੈ ਕਿ ਸਰਕਾਰ ਖ਼ਿਲਾਫ਼ 16 ਨਵੰਬਰ ਨੂੰ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਸੂਬਾ ਪੱਧਰੀ ਰੋਸ ਰੈਲੀ ਕਰ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਫਰੰਟ ਦੇ ਇਸ ਫ਼ੈਸਲੇ ਬਾਰੇ ਜਾਣਕਾਰੀ ਦੇਣ ਲਈ ਰੋਸ ਪੱਤਰ ਵਿਧਾਨ ਸਭਾ ਦੇ ਸਪੀਕਰ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਦਿੱਤਾ ਗਿਆ।