ਇੱਥੋਂ ਨੇੜਲੇ ਪਿੰਡ ਜੀਦਾ ਵਿੱਚ ਹੋਏ ਬੰਬ ਧਮਾਕਿਆਂ ਦੀ ਜਾਂਚ ਲਈ ਭਾਰਤੀ ਫ਼ੌਜ ਦੀ ਟੀਮ ਗੁਰਪ੍ਰੀਤ ਸਿੰਘ ਦੇ ਘਰ ਪੁੱਜੀ ਹੈ। ਗ਼ੌਰਤਲਬ ਹੈ ਕਿ ਬਠਿੰਡਾ ਪੁਲੀਸ ਵੱਲੋਂ ਭਾਰਤੀ ਫ਼ੌਜ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਗਈ ਸੀ। ਇਸ ਮਗਰੋਂ ਕੱਲ੍ਹ ਫ਼ੌਜ ਦੀ ਟੀਮ ਪਿੰਡ ਜੀਦਾ ਪੁੱਜੀ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।ਬਠਿੰਡਾ ਦੀ ਐੱਸ ਐੱਸ ਪੀ ਅਮਨੀਤ ਕੌਰ ਨੇ ਕਿਹਾ ਕਿ ਫ਼ੌਜ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਮਦਦ ਮੰਗੀ ਗਈ ਸੀ। ਇਸ ਤੋਂ ਬਾਅਦ ਫ਼ੌਜੀ ਟੀਮ ਨੇ ਪਿੰਡ ਜੀਦਾ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਵੱਲੋਂ ਤਿਆਰ ਕੀਤੀ ਧਮਾਕਾਖੇਜ਼ ਸਮੱਗਰੀ ਨੂੰ ਸਮੇਟਣ ਲਈ ਟੋਏ ਪੁੱਟੇ ਹੋਏ ਸਨ। ਦੂਜੇ ਪਾਸੇ, ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਬੁੱਧਵਾਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕਰ ਕੇ ਸੱਤ ਰੋਜ਼ਾ ਰਿਮਾਂਡ ਲਿਆ ਹੈ।