ਹਰਪ੍ਰੀਤ ਕੌਰ
ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ ਜੀ ਟੀ ਐੱਫ) ਨੇ ਹੁਸ਼ਿਆਰਪੁਰ ਪੁਲੀਸ ਨਾਲ ਸਾਂਝੇ ਅਪਰੇਸ਼ਨ ਵਿੱਚ ਪਿੰਡ ਬੈਂਚਾ ਦੇ ਵਸਨੀਕ ਕ੍ਰਿਸ਼ਨ ਗੋਪਾਲ ਨੂੰ ਉਸ ਦੇ ਪੁੱਤਰ ਕੇਸ਼ਵ ਸਣੇ ਹੁਸ਼ਿਆਰਪੁਰ ’ਚ ਗਹਿਣਿਆਂ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਐੱਸ ਐੱਸ ਪੀ ਸੰਦੀਪ ਮਲਿਕ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਹੁਸ਼ਿਆਰਪੁਰ ਦੇ ਗਣਪਤੀ ਜਿਊਲਰਜ਼ ’ਤੇ 18 ਅਕਤੂਬਰ ਨੂੰ ਚਲਾਈਆਂ ਗੋਲੀਆਂ ਦੇ ਮਾਮਲੇ ’ਚ ਸ਼ਾਮਲ ਸਨ। ਹਮਲੇ ਤੋਂ ਬਾਅਦ ਦੁਕਾਨ ਮਾਲਕ ਨੂੰ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਧਮਕੀ ਮਿਲੀ ਸੀ। ਇਸ ਵਿੱਚ ਉਸ ਕੋਲੋਂ 20 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਮਾਹਿਲਪੁਰ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਜਾਰੀ ਹੈ। ਐੱਸ ਐੱਸ ਪੀ ਨੇ ਕਿਹਾ ਕਿ ਗਹਿਣਿਆਂ ਦੀ ਦੁਕਾਨ ’ਤੇ ਹਮਲੇ ਤੋਂ ਬਾਅਦ ਜ਼ਿਲ੍ਹਾ ਪੁਲੀਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਮਾਮਲੇ ਵਿੱਚ ਮਸ਼ਕੂਕਾਂ ਦੀ ਪਛਾਣ ਕੀਤੀ।
ਪੁਲੀਸ ਟੀਮਾਂ ਨੇ ਜਦੋਂ ਪਿੰਡ ਮਹਿਦੂਦਪੁਰ ਵਿੱਚ ਕ੍ਰਿਸ਼ਨ ਗੋਪਾਲ ਅਤੇ ਕੇਸ਼ਵ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧ ਵਿੱਚ ਮਾਹਿਲਪੁਰ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ।

