ਗਹਿਣਿਆਂ ਦੇ ਕਾਰੀਗਰ ਵੱਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ
ਇਥੋਂ ਦੇ ਮੇਨ ਬਾਜ਼ਾਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲੇ ਕਾਰੀਗਰ ਨੇ ਆਪਣੇ ਘਰ ਦੀ ਗਰਿੱਲ ਨਾਲ ਫਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਪੱਛਮੀ ਬੰਗਾਲ (ਕੋਲਕਾਤਾ) ਵਾਸੀ ਮਹਿਰਾਜ ਵਜੋਂ ਹੋਈ ਹੈ। ਪੁਲੀਸ ਨੇ ਉਸ ਦੀ ਜੇਬ ਵਿੱਚੋਂ ਖੁਦਕੁਸ਼ੀ ਨੋਟ ਬਰਾਮਦ ਕੀਤਾ ਹੈ। ਇਹ ਨੋਟ ਬੰਗਾਲੀ ਭਾਸ਼ਾ ਵਿੱਚ ਹੈ। ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਵਰਨਕਾਰ ਸੰਘ ਦੇ ਪ੍ਰਧਾਨ ਜਸਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਮਹਿਰਾਜ ਪਿਛਲੇ 3 ਸਾਲਾਂ ਤੋਂ ਇਥੇ ਕਿਰਾਏ ਦਾ ਮਕਾਨ ਲੈ ਕੇ ਪਰਿਵਾਰ ਸਣੇ ਰਹਿ ਰਿਹਾ ਸੀ। ਪੰਜ ਦਿਨ ਪਹਿਲਾਂ ਉਹ ਆਪਣੇ ਪਰਿਵਾਰ ਨੂੰ ਕੋਲਕਾਤਾ ਛੱਡ ਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਉਹ ਸੋਨੇ, ਚਾਂਦੀ ਦੇ ਗਹਿਣੇ ਬਣਾਉਣ ਦਾ ਕਾਰੀਗਰ ਸੀ ਅਤੇ ਆਪਣੇ ਘਰ ਵਿੱਚ ਹੀ ਰਹਿ ਕੇ ਗਹਿਣੇ ਬਣਾਉਂਦਾ ਸੀ। ਮੌਕੇ ’ਤੇ ਪਹੁੰਚੇ ਥਾਣਾ ਸਿਟੀ ਕੋਟਕਪੂਰਾ ਦੇ ਐੱਸਐੱਚਓ ਇੰਸਪੈਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦੇ ਕੇ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤਾ ਜਾਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮਹਿਰਾਜ ਦੀ ਜੇਬ ਵਿੱਚੋਂ ਮਿਲੇ ਖੁਦਕੁਸ਼ੀ ਨੋਟ ਬਾਰੇ ਉਨ੍ਹਾਂ ਕਿਹਾ ਕਿ ਇਹ ਬੰਗਾਲੀ ਭਾਸ਼ਾ ਵਿੱਚ ਹੈ।
ਪਤਨੀ ਤੋਂ ਤੰਗ ਪਤੀ ਨੇ ਫ਼ਾਹਾ ਲਿਆ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਇੱਥੇ ਆਪਣੇ ਪਤਨੀ ਤੋਂ ਤੰਗ ਆ ਕੇ ਪਤੀ ਨੇ ਪੱਖੇ ਨਾਲ ਫ਼ਾਹਾ ਲੈ ਲਿਆ। ਮੁਲਜ਼ਮ ਗੁਰਜੀਤ ਕੌਰ ਖ਼ਿਲਾਫ਼ ਅਮਨਦੀਪ ਸਿੰਘ (42) ਦੇ ਪਿਤਾ ਸਤਨਾਮ ਸਿੰਘ ਵਾਸੀ ਪਿੰਡ ਢੱਡਰੀਆਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਗੁਰਜੀਤ ਕੌਰ ਫ਼ਰਾਰ ਹੈ। ਅਮਨਦੀਪ ਕੋਲ ਦੋ ਪੁੱਤਰ ਤੇ ਇੱਕ ਧੀ ਹੈ। ਅਮਨਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਮੁੰਡੇ ਅਮਨਦੀਪ ਸਿੰਘ ਦਾ ਵਿਆਹ ਸੁਨਾਮ ਦੀ ਬਾਜ਼ੀਗਰ ਬਸਤੀ ਸੁਨਾਮ ਵਿਚ 2007 ਵਿੱਚ ਹੋਇਆ ਸੀ। ਮਗਰੋਂ ਉਹ ਪਟਿਆਲਾ ਦੇ ਸ਼ਾਂਤੀਨਗਰ ਵਿੱਚ ਰਹਿਣ ਲੱਗ ਪਏ ਸਨ। ਅਮਨਦੀਪ ਸਿੰਘ ਪਟਿਆਲਾ ਹਾਰਟ ਹਸਪਤਾਲ ਵਿੱਚ ਸੁਰੱਖਿਆ ਗਾਰਡ ਸੀ। ਉਸ ਦੀ ਪਤਨੀ ਗੁਰਜੀਤ ਕੌਰ ਲੜਦੀ ਰਹਿੰਦੀ ਸੀ। ਉਸ ਦੇ ਕਿਸੇ ਗ੍ਰੰਥੀ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਇਸ ਕਾਰਨ ਘਰ ਵਿਚ ਕਲੇਸ਼ ਰਹਿੰਦਾ ਸੀ। ਵਾਰਦਾਤ ਵਾਲੇ ਦਿਨ ਅਮਨਦੀਪ ਆਪਣੇ 16 ਸਾਲ ਦੇ ਪੁੱਤਰ ਨੂੰ ਲੈ ਕੇ ਪਿੰਡ ਢੱਡਰੀਆਂ ਚਲੇ ਗਿਆ ਜਦੋਂ ਉਹ ਵਾਪਸ ਆਇਆ ਤਾਂ ਉਸ ਨਾਲ ਕਲੇਸ਼ ਕਰਕੇ ਗੁਰਜੀਤ ਕੌਰ ਆਪਣੇ ਦੋਵੇਂ ਬੱਚੇ ਨਾਲ ਲੈ ਕੇ ਨਹਿਰ ਵਿੱਚ ਛਾਲ ਮਾਰਨ ਦੀ ਧਮਕੀ ਦੇ ਕੇ ਘਰੋਂ ਚਲੀ ਗਈ, ਜੋ ਵਾਪਸ ਨਹੀਂ ਆਈ। ਪਿੱਛੋਂ ਅਮਨਦੀਪ ਸਿੰਘ ਨੇ ਛੱਤ ਵਾਲੇ ਪੱਖੇ ਨਾਲ ਫ਼ਾਹਾ ਲੈ ਲਿਆ। ਸਤਨਾਮ ਸਿੰਘ ਨੇ ਕਿਹਾ ਕਿ ਐੱਫਆਈਆਰ ਵਿੱਚ ਪੁਲੀਸ ਨੇ ਗ੍ਰੰਥੀ ਦਾ ਨਾਮ ਨਹੀਂ ਪਾਇਆ, ਜਿਸ ਕਰਕੇ ਉਨ੍ਹਾਂ ਨੂੰ ਰੋਸ ਹੈ। ਇਸ ਬਾਰੇ ਪੁਲੀਸ ਨੇ ਕਿਹਾ ਕਿ ਸਤਨਾਮ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਗੁਰਜੀਤ ਕੌਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।