ਜਗਤਾਰ ਸਿੰਘ ਲਾਂਬਾ
ਮਜੀਠਾ ਰੋਡ ’ਤੇ ਸਥਿਤ ਗੰਡਾ ਸਿੰਘ ਵਾਲਾ ਇਲਾਕੇ ’ਚ ਦੇਰ ਰਾਤ ਗੱਡੀ ਸਾਈਡ ਕਰਨ ਪਿੱਛੇ ਹੋਈ ਤਕਰਾਰ ਮਗਰੋਂ ਪੀਐੱਸਪੀਸੀਐੱਲ ਦੇ ਜੇਈ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਵਿੱਕੀ ਵਾਸੀ ਗੰਡਾ ਸਿੰਘ ਵਾਲਾ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਮੁਲਜ਼ਮ ਜੇਈ ਦੀ ਪਛਾਣ ਵਿਕਰਾਂਤ ਵਜੋਂ ਹੋਈ ਹੈ ਜੋ ਆਪਣੇ ਪਰਿਵਾਰਕ ਮੈਂਬਰਾਂ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਪੁਲੀਸ ਟੀਮਾਂ ਨੇ ਪਿੱਛਾ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਹਾਇਕ ਪੁਲੀਸ ਕਮਿਸ਼ਨਰ ਭੋਲਾ ਨੇ ਕਿਹਾ ਕਿ ਜੇਈ ਵਿਕਰਾਂਤ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜ਼ਰੂਰੀ ਕਾਰਵਾਈ ਕੀਤੀ
ਜਾ ਰਹੀ ਹੈ।
ਗਲੀ ’ਚ ਖੜ੍ਹੀ ਗੱਡੀ ਨੂੰ ਸਾਈਡ ਕਰਨ ’ਤੇ ਹੋਈ ਤਕਰਾਰ
ਜਾਣਕਾਰੀ ਮੁਤਾਬਕ ਰਾਤ ਵੇਲੇ ਸਬਜ਼ੀ ਵਿਕਰੇਤਾ ਆਪਣੇ ਘਰ ਜਾ ਰਿਹਾ ਸੀ। ਗਲੀ ’ਚੋਂ ਲੰਘਦੇ ਹੋਏ ਜੇਈ ਦੇ ਘਰ ਦੇ ਬਾਹਰ ਉਸ ਦੀ ਕਾਰ ਖੜ੍ਹੀ ਹੋਣ ਕਾਰਨ ਉਸ ਨੂੰ ਰਾਹ ਨਾ ਮਿਲਿਆ। ਸਬਜ਼ੀ ਵਿਕਰੇਤਾ ਨੇ ਜੇਈ ਨੂੰ ਕਾਰ ਰਸਤੇ ਵਿੱਚੋੋਂ ਹਟਾਉਣ ਲਈ ਕਿਹਾ, ਜਿਸ ’ਤੇ ਉਹ ਸਬਜ਼ੀ ਵਿਕਰੇਤਾ ਨਾਲ ਬਹਿਸ ਕਰਨ ਲੱਗ ਪਿਆ। ਮਗਰੋਂ ਗੁੱਸੇ ਵਿੱਚ ਆ ਕੇ ਉਸਨੇ ਆਪਣਾ ਲਾਇਸੈਂਸੀ ਪਿਸਤੌਲ ਕੱਢਿਆ ਅਤੇ ਹੇਠਾਂ ਵੱਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਸ ਵੇਲੇ ਵਿੱਕੀ ਕਿਸੇ ਨਾਲ ਮੋਟਰਸਾਈਕਲ ’ਤੇ ਗਲੀ ਵਿੱਚੋਂ ਲੰਘ ਰਿਹਾ ਸੀ ਤੇ ਇੱਕ ਗੋਲੀ ਉਸ ਦੀ ਛਾਤੀ ਵਿੱਚ ਵੱਜੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਸਬਜ਼ੀ ਵਿਕਰੇਤਾ ਦੀ ਵੀ ਲੱਤ ’ਤੇ ਗੋਲੀ ਲੱਗੀ।