ਜਗਤਾਰ ਸਿੰਘ ਲਾਂਬਾ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੀਜੇ ਦੀ ਮੌਤ ਹੋਣ ਕਾਰਨ ਪਹਿਲੀ ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਫਿਲਹਾਲ ਮੁਲਤਵੀ ਕੀਤੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨਾਲ ਦੁੱਖ ਸਾਂਝਾ ਕੀਤਾ ਹੈ। ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ, ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਸਨ, ਜੋ ਬੀਤੀ ਰਾਤ ਅੰਮ੍ਰਿਤਸਰ-ਤਰਨ ਤਾਰਨ ਸੜਕ ’ਤੇ ਗੋਹਲਵੜ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਹ ਅੱਜ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਚਲਾਣਾ ਕਰ ਗਏ। ਗੁਰਵਿੰਦਰ ਸਿੰਘ ਪੰਜਾਬ ਪੁਲੀਸ ਵਿੱਚ ਏਐੱਸਆਈ ਸਨ। ਉਹ ਇਸ ਵੇਲੇ ਜਥੇਦਾਰ ਗੜਗੱਜ ਨਾਲ ਹੀ ਸੁਰੱਖਿਆ ਵਜੋਂ ਤਾਇਨਾਤ ਸਨ। ਸਕੱਤਰੇਤ ਦੇ ਇੰਚਾਰਜ ਬਗੀਚਾ ਜਿੰਘ ਨੇ ਦੱਸਿਆ ਕਿ ਪਹਿਲੀ ਅਗਸਤ ਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਤਲਬ ਕੀਤਾ ਗਿਆ ਹੈ, ਉਸ ਸਬੰਧ ’ਚ ਅਗਲਾ ਸਮਾਂ ਅਤੇ ਮਿਤੀ ਤੈਅ ਕਰਕੇ ਸਬੰਧਤਾਂ ਨੂੰ ਭੇਜੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਥੇਦਾਰ ਗੜਗੱਜ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਨਾਲ ਅੱਜ 29 ਤੋਂ 31 ਜੁਲਾਈ ਤੱਕ ਤਿੰਨ ਦਿਨਾਂ ਦਾ ਦੌਰਾ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਅਤੇ ਸਬੰਧਤ ਗੁਰਧਾਮਾਂ ਵਿਖੇ ਨਤਮਸਤਕ ਹੋਣ ਦਾ ਰੱਖਿਆ ਹੋਇਆ ਸੀ, ਉਹ ਵੀ ਫਿਲਹਾਲ ਮੁਲਤਵੀ ਕੀਤਾ ਗਿਆ ਹੈ।