ਜਥੇਦਾਰ ਵੱਲੋਂ ਤਾਮਿਲ ਸਿੱਖ ਨਾਲ ਹਵਾਈ ਅੱਡੇ ’ਤੇ ਕੀਤੇ ਵਿਤਕਰੇ ਦੀ ਆਲੋਚਨਾ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਵਿਰੁੱਧ ਬੀਤੇ ਦਿਨੀਂ ਨਵੀਂ ਦਿੱਲੀ ਦੇ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਸਟਾਫ਼ ਵੱਲੋਂ ਕੀਤੇ ਗਏ ਵਿਤਕਰੇ ਤੇ ਅਪਮਾਨਜਨਕ ਵਤੀਰੇ ਦੀ...
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਵਿਰੁੱਧ ਬੀਤੇ ਦਿਨੀਂ ਨਵੀਂ ਦਿੱਲੀ ਦੇ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਸਟਾਫ਼ ਵੱਲੋਂ ਕੀਤੇ ਗਏ ਵਿਤਕਰੇ ਤੇ ਅਪਮਾਨਜਨਕ ਵਤੀਰੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਏਅਰ ਇੰਡੀਆ ਨੇ ਇਸ ਮਾਮਲੇ ਵਿੱਚ ਪੀੜਤ ਅਤੇ ਦਿੱਲੀ ਆਧਾਰਿਤ ਐਡਵੋਕੇਟ ਨੀਨਾ ਸਿੰਘ ਕੋਲ ਲਿਖਤੀ ਈ-ਮੇਲ ਰਾਹੀਂ ਅਫ਼ਸੋਸ ਪ੍ਰਗਟ ਕੀਤਾ ਹੈ ਪਰ ਇਸ ਨਾਲ ਬਣਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਇਸ ਘਟਨਾ ਨਾਲ ਸਬੰਧਤ ਕੀਤੀ ਗਈ ਸਮੁੱਚੀ ਜਾਂਚ ਨੂੰ ਪਾਰਦਰਸ਼ਤਾ ਦੇ ਮੱਦੇਨਜ਼ਰ ਜਨਤਕ ਕਰੇ। ਇਹ ਦੱਸਿਆ ਜਾਵੇ ਕਿ ਦੋਸ਼ੀ ਸਟਾਫ਼ ਮੈਂਬਰਾਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਕੀਲ ਜੀਵਨ ਸਿੰਘ ਨੂੰ 24 ਸਤੰਬਰ ਨੂੰ ਸਿੰਘਾਪੁਰ ਜਾਣ ਵੇਲੇ ਦਿੱਲੀ ਦੇ ਹਵਾਈ ਅੱਡੇ ’ਤੇ ਅਮਲੇ ਵੱਲੋਂ ਰੋਕਿਆ ਗਿਆ ਸੀ ਜਿੱਥੇ ਹਵਾਈ ਕੰਪਨੀ ਦੇ ਅਮਲੇ ਵੱਲੋਂ ਉਨ੍ਹਾਂ ਦੀ ਪਛਾਣ, ਉਨ੍ਹਾਂ ਦੇ ਰੰਗ, ਜਾਤ ਬਾਰੇ ਟਿੱਪਣੀ ਕੀਤੀ ਗਈ ਸੀ।