ਹਤਿੰਦਰ ਮਹਿਤਾ
ਪੰਜਾਬੀਆਂ ਨੇ ਇੱਕ ਵਾਰ ਫਿਰ ਵਿਦੇਸ਼ੀ ਧਰਤੀ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਜਲੰਧਰ ਦੇ ਵਸਨੀਕ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕਾ ਦੇ ਕਨੈਕਟੀਕਟ ਰਾਜ ਦੇ ਸ਼ਹਿਰ ਨੌਰਵਿਚ ਦੇ ਪਹਿਲੇ ਸਿੱਖ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇੱਥੇ ਸਿਰਫ 10 ਸਿੱਖ ਪਰਿਵਾਰ ਰਹਿੰਦੇ ਹਨ। ਉਨ੍ਹਾਂ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ਹੈ। ਇਸ ਚੋਣ ਵਿੱਚ ਸਵਰਨਜੀਤ ਸਿੰਘ ਖਾਲਸਾ ਨੂੰ 2,458, ਜਦਕਿ ਉਨ੍ਹਾਂ ਦੇ ਵਿਰੋਧੀ ਟਰੇਸੀ ਗੋਲਡ ਨੂੰ 2,250 ਵੋਟਾਂ ਮਿਲੀਆਂ। ਸਵਰਨਜੀਤ ਇਸ ਤੋਂ ਪਹਿਲਾਂ ਦੋ ਵਾਰ ਇਸੇ ਸ਼ਹਿਰ ਦੇ ਕੌਂਸਲਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਚੋਣ ਸਥਾਨਕ ਮੁੱਦਿਆਂ ਨੂੰ ਉਠਾ ਕੇ ਜਿੱਤੀ ਅਤੇ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਨਾਲ-ਨਾਲ ਸਥਾਨਕ ਅਮਰੀਕੀ ਨਾਗਰਿਕਾਂ ਦਾ ਵੀ ਭਰਪੂਰ ਸਮਰਥਨ ਮਿਲਿਆ। ਪੇਸ਼ੇ ਤੋਂ ਇੰਜਨੀਅਰ ਸਵਰਨਜੀਤ ਸਿੰਘ ਖਾਲਸਾ ਦਾ ਜੱਦੀ ਘਰ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਹੈ। ਉਹ ਤਕਰੀਬਨ 18 ਸਾਲ ਪਹਿਲਾਂ 2007 ਵਿੱਚ ਸਟੱਡੀ ਵੀਜ਼ੇ ’ਤੇ ਅਮਰੀਕਾ ਗਏ ਸਨ। ਉਨ੍ਹਾਂ ਨੇ ਆਪਣੀ ਇੰਜਨੀਅਰਿੰਗ ਦੀ ਡਿਗਰੀ ਡੀ ਏ ਵੀ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਜਲੰਧਰ ਅਤੇ ਕੰਪਿਊਟਰ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਅਮਰੀਕਾ ਦੇ ਨਿਊ ਜਰਸੀ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਪ੍ਰਾਪਤ ਕੀਤੀ। ਸਾਲ 2010 ਵਿੱਚ ਉਹ ਨੌਰਵਿਚ ਸ਼ਹਿਰ ਵਿੱਚ ਵਸ ਗਏ, ਜਿੱਥੇ ਉਨ੍ਹਾਂ ਨੇ ਉਸਾਰੀ ਦੇ ਖੇਤਰ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਸਿਆਸਤ ਵਿੱਚ ਆਏ ਅਤੇ ਦੋ ਵਾਰ ਨੌਰਵਿਚ ਦੇ ਕੌਂਸਲਰ ਬਣੇ। ਸਵਰਨਜੀਤ ਦੇ ਪਿਤਾ ਪਰਮਿੰਦਰ ਪਾਲ ਸਿੰਘ, ਜੋ ਖਾਲਸਾ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁਖੀ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਰਾਜਨੀਤੀ ਵਿੱਚ ਆ ਕੇ ਸਿੱਖਾਂ ਅਤੇ ਸਥਾਨਕ ਲੋਕਾਂ ਦੇ ਮੁੱਦੇ ਚੁੱਕਣੇ ਸ਼ੁਰੂ ਕੀਤੇ।
ਉਨ੍ਹਾਂ ਦੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ। ਇਸੇ ਸਮਾਜ ਸੇਵਾ ਲਈ ਉਨ੍ਹਾਂ ਨੂੰ 2017 ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਦੇ ਡਾਇਰੈਕਟਰ ਵੱਲੋਂ ‘ਕਮਿਊਨਿਟੀ ਲੀਡਰਸ਼ਿਪ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸਵਰਨਜੀਤ ਦੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਜਲੰਧਰ ਸਥਿਤ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਜਾ ਰਿਹਾ ਹੈ।

