ਜਲੰਧਰ ਕਾਊਂਟਰ ਇੰਟੈਲੀਜੈਂਸ ਵੱਲੋਂ ਲਾਰੈਂਸ ਦਾ ਸਾਥੀ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 8 ਜੁਲਾਈ
ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਜਲੰਧਰ ਯੂਨਿਟ ਨੇ ਲਾਰੈਂਸ ਗੈਂਗ ਵੱਲੋਂ ਰਚੀ ਗਈ ਟਾਰਗੈਟ ਕਿਲਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਗੈਂਗ ਦੇ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਿਮਾਂਸ਼ੂ ਸੂਦ ਵਾਸੀ ਫਗਵਾੜਾ ਵਜੋਂ ਹੋਈ ਹੈ। ਕਪੂਰਥਲਾ ਤੋਂ ਇਲਾਵਾ, ਉਹ ਮੱਧ ਪ੍ਰਦੇਸ਼ ਵਿੱਚ ਟਾਰਗੈਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਨਮਿਤ ਸ਼ਰਮਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ ਜੋ ਦੁਬਈ, ਯੂਏਈ ਵਿੱਚ ਰਹਿੰਦਾ ਹੈ। ਨਮਿਤ ਸ਼ਰਮਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬਹੁਤ ਕਰੀਬੀ ਸਾਥੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਹਿਮਾਂਸ਼ੂ ਸੂਦ ਤੇ ਉਸ ਦੇ ਹੋਰ ਸਾਥੀਆਂ ਨੇ ਹਰਿਦੁਆਰ ’ਚ ਹੋਟਲ ਮਾਲਕ ’ਤੇ ਗੋਲੀਆਂ ਚਲਾਈਆਂ ਸਨ। ਇਹ ਹਮਲਾ ਵੀ ਨਮਿਤ ਸ਼ਰਮਾ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਇਸ ਤੋਂ ਬਾਅਦ, ਉਸ ਨੂੰ ਮੱਧ ਪ੍ਰਦੇਸ਼ ਤੇ ਕਪੂਰਥਲਾ ’ਚ ਦੋ ਹੋਰ ਵਿਅਕਤੀਆਂ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ। ਸ੍ਰੀ ਯਾਦਵ ਨੇ ਕਿਹਾ ਕਿ ਇਸ ਗ੍ਰਿਫ਼ਤਾਰੀ ਨਾਲ ਅੰਤਰਰਾਸ਼ਟਰੀ ਨੈੱਟਵਰਕ ਵਾਲੇ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਵਿੱਚ ਇੱਕ ਹੋਰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ, ਜਿਨ੍ਹਾਂ ’ਚ ਇੱਕ .30 ਬੋਰ ਦਾ ਪਿਸਤੌਲ (4 ਰੌਂਦਾਂ ਸਣੇ) ਤੇ ਇੱਕ .32 ਬੋਰ ਦਾ ਪਿਸਤੌਲ (3 ਰੌਂਦਾਂ ਸਣੇ) ਸ਼ਾਮਲ ਹੈ। ਡੀਜੀਪੀ ਨੇ ਕਿਹਾ ਕਿ ਮੁਲਜ਼ਮ ਖਿਲਾਫ਼ ਐੱਸਐੱਸਓਸੀ ਪੁਲੀਸ ਸਟੇਸ਼ਨ ਅੰਮ੍ਰਿਤਸਰ ’ਚ ਕੇਸ ਦਰਜ ਕਰ ਲਿਆ ਗਿਆ ਹੈ। ਉਸ ਦੀ ਤੇ ਉਸ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਤੇ ਮਾਡਿਊਲ ਦੇ ਲਿੰਕਾਂ ਨੂੰ ਜੋੜਨ ਲਈ ਹੋਰ ਜਾਂਚ ਜਾਰੀ ਹੈ।