ਜਲਾਲੀਆ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਪਿੰਡ ਪਾਣੀ ਦੀ ਮਾਰ ਹੇਠ
ਜਲਾਲੀਆ ਦਰਿਆ ਅਤੇ ਉਝ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ 7-8 ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਅਤੇ ਪਾਣੀ ਲੋਕਾਂ ਦੇ ਘਰਾਂ ਤੇ ਖੇਤਾਂ ਵਿੱਚ ਜਾ ਵੜਿਆ। ਸਾਰੀ ਹਾਲਤ ਦਾ ਜਾਇਜ਼ਾ ਲੈਣ ਲਈ ਤੁਰੰਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਰ੍ਹਦੇ ਮੀਂਹ ਵਿੱਚ ਮੌਕੇ ਉਪਰ ਪੁੱਜੇ ਅਤੇ ਉਨ੍ਹਾਂ ਉਥੇ ਜ਼ੀਰੋ ਲਾਈਨ ਤੇ ਪੈਂਦੀਆਂ ਬੀਐਸਐਫ ਦੀਆਂ ਚੌਂਕੀਆਂ ਦਾ ਵੀ ਦੌਰਾ ਕੀਤਾ।
ਉਨ੍ਹਾਂ ਉਥੇ ਦੇਖਿਆ ਕਿ ਬੀਐਸਐਫ ਦੀ ਜੈਦਪੁਰ ਵਾਲੀ ਚੌਂਕੀ ਦੋਹਾਂ ਪਾਸਿਆਂ ਤੋਂ ਪਾਣੀ ਨਾਲ ਘਿਰੀ ਹੋਈ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਜਿਹੜੇ ਵੀ ਪਰਿਵਾਰਾਂ ਦੇ ਖੇਤਾਂ ਵਿੱਚ ਝੋਨਾ, ਪੱਠੇ ਵਗੈਰਾ ਪ੍ਰਭਾਵਿਤ ਹੋਏ ਤੇ ਹੋਰ ਵੀ ਜੋ ਨੁਕਸਾਨ ਹੋਇਆ ਹੈ ਇਸਦੀ ਭਰਪਾਈ ਕੀਤੀ ਜਾਵੇਗੀ।
ਉਨ੍ਹਾਂ ਆਪਣੇ ਨਾਲ ਮੌਜੂਦ ਅਧਿਕਾਰੀਆਂ ਨੂੰ ਤੁਰੰਤ ਗਿਰਦਾਵਰੀਆਂ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ। ਉਝ ਦਰਿਆ ਵਿੱਚ ਤੜਕ ਸਾਰ ਹੀ 1 ਲੱਖ 19 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਚੱਲਿਆ। ਜਦੋਂ ਕਿ ਜਲਾਲੀਆ ਦਰਿਆ ਵਿੱਚ 53 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਚੱਲ ਰਿਹਾ ਸੀ ਜੋ ਕਿ ਸ਼ਾਮ ਤੱਕ ਜਾਰੀ ਸੀ। ਹਾਲਾਂਕਿ ਉਝ ਦਰਿਆ ਦਾ ਪਾਣੀ ਤਾਂ ਸਵੇਰੇ 7 ਵਜੇ ਹੀ ਉਤਰਨਾ ਸ਼ੁਰੂ ਹੋ ਗਿਆ। ਪਰ ਇਹ ਪਾਣੀ ਸਾਰਾ ਅੱਗੇ ਮਕੌੜਾ ਪੱਤਨ ਵਿਖੇ ਜਾ ਕੇ ਰਾਵੀ ਦਰਿਆ ਵਿੱਚ ਜੁੜ ਗਿਆ। ਜਿਸ ਨਾਲ ਮਕੌੜਾ ਪੱਤਨ ਤੋਂ ਅੱਗੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ।
ਜੈਨਪੁਰ ਵਿਖੇ 2 ਲੱਖ 45 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਪੁੱਜ ਚੁੱਕਾ ਹੈ। ਜਦ ਕਿ ਰਾਵੀ ਦਰਿਆ ਦਾ ਪਾਣੀ ਧਰਮਕੋਟ ਰੰਧਾਵਾ ਵਿਖੇ 1 ਲੱਖ 7 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਸੀ। ਦੇਰ ਸ਼ਾਮ ਤੱਕ ਇਹ ਹੋਰ ਵਧੇਗਾ।
ਇਸ ਦੇ ਇਲਾਵਾ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਹਿਮਾਚਲ ਦੇ ਚਮੇਰਾ ਪ੍ਰੋਜੈਕਟ ਦੀ ਤਰਫੋਂ 24 ਹਜ਼ਾਰ 156 ਕਿਊਸਕ ਪਾਣੀ ਦੀ ਆਮਦ ਹੋ ਰਹੀ ਹੈ। ਜਿਸ ਨਾਲ ਡੈਮ ਦੀ ਝੀਲ ਦਾ ਪੱਧਰ 521.484 ਮੀਟਰ ਤੱਕ ਪੁੱਜ ਗਿਆ ਹੈ। ਜੇਕਰ ਇਹ ਪੱਧਰ 524 ਮੀਟਰ ਤੱਕ ਪੁੱਜ ਗਿਆ ਤਾਂ ਫਿਰ ਡੈਮ ਦੇ ਸਪਿਲਵੇਅ ਗੇਟ ਖੋਲ੍ਹਣ ਦੀ ਤਿਆਰੀ ਵੀ ਹੋ ਜਾਵੇਗੀ। ਅੱਜ ਪਏ ਮੀਂਹ ਦੇ ਨਾਲ ਸ਼ਾਹਪੁਰਕੰਢੀ ਤੋਂ ਡੈਮ ਨੂੰ ਜਾਣ ਵਾਲੀ ਸੜਕ ਤੇ ਕੇਰੂ ਪਹਾੜ ਦਾ ਮਲਬਾ ਡਿੱਗ ਪਿਆ। ਜਿਸ ਨਾਲ ਆਵਾਜ਼ਾਈ ਪ੍ਰਭਾਵਿਤ ਹੋ ਗਈ।