ਮੁਹਾਲੀ ਵਿੱਚ ਬਣੇਗਾ ਜੇਲ੍ਹ ਵਿਭਾਗ ਦਾ ਮੁੱਖ ਦਫ਼ਤਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਜੂਨ
ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿੱਚ ਜੇਲ੍ਹ ਵਿਭਾਗ ਦਾ ਮੁੱਖ ਦਫ਼ਤਰ ‘ਜੇਲ੍ਹ ਭਵਨ’ ਬਣਾਇਆ ਜਾਵੇਗਾ। ਇਸ ਸਬੰਧੀ ਲੋੜੀਂਦੀਆਂ ਪ੍ਰਵਾਨਗੀਆਂ ਮਗਰੋਂ ਅੱਜ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨੀਂਹ ਪੱਥਰ ਰੱਖਿਆ। ਇੱਥੇ ਸੈਕਟਰ-68 ਵਿੱਚ 35 ਕਰੋੜ ਦੀ ਲਾਗਤ ਨਾਲ ਦੋ ਸਾਲਾਂ ਵਿੱਚ ਆਧੁਨਿਕ ਇਮਾਰਤ ਦੀ ਉਸਾਰੀ ਦਾ ਕੰਮ ਮੁਕੰਮਲ ਹੋਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜੇਲ੍ਹ ਵਿਭਾਗ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਜੇਲ੍ਹ ਵਿਭਾਗ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਚਾਨਣਾ ਪਾਉਂਦਿਆਂ ਲਾਲਜੀਤ ਭੁੱਲਰ ਨੇ ਕਿਹਾ ਕਿ ਨਵਾਂ ‘ਜੇਲ੍ਹ ਭਵਨ’ ਵਿਭਾਗ ਲਈ ਕੇਂਦਰੀਕ੍ਰਿਤ ਨੀਤੀ ਬਣਾਉਣ, ਨਵੀਨਤਮ ਤਕਨਾਲੋਜੀ ਅਤੇ ਆਧੁਨਿਕ ਕਾਰਜਸ਼ੈਲੀ ਨੂੰ ਅਪਣਾਉਣ ਵਿੱਚ ਮਦਦਗਾਰ ਹੋਵੇਗਾ।
ਸੌ ਤੋਂ ਵੱਧ ਵਾਹਨ ਖੜ੍ਹਾਉਣ ਲਈ ਬਣੇਗੀ ਪਾਰਕਿੰਗ
ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੈਕਟਰ-68 ਵਿੱਚ ਇੱਕ ਏਕੜ ਵਿੱਚ ਜੇਲ੍ਹ ਭਵਨ ਦੀ ਉਸਾਰੀ ਲਈ ਏਐਸਸੀ ਬਿਲਡਰ ਨੂੰ ਠੇਕਾ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਲਈ 35 ਕਰੋੜ ਰੁਪਏ ਦਾ ਕੁੱਲ ਬਜਟ ਅਲਾਟ ਕੀਤਾ ਗਿਆ ਹੈ ਅਤੇ ਇਮਾਰਤ ਦਾ 83,947.71 ਵਰਗ ਫੁੱਟ ਏਰੀਆ ਪੂਰੀ ਢਕਿਆ ਹੋਵੇਗਾ। ਜਦੋਂਕਿ 115 ਕਾਰਾਂ ਖੜ੍ਹਾਉਣ ਲਈ ਵਾਹਨ ਪਾਰਕਿੰਗ ਦੀ ਵਿਵਸਥਾ ਹੋਵੇਗੀ। ਇਸ ਇਮਾਰਤ ਵਿੱਚ ਇੱਕ ਬੇਸਮੈਂਟ ਅਤੇ ਪੰਜ ਮੰਜ਼ਲਾਂ ਤੋਂ ਇਲਾਵਾ ਏਸਕੈਲੇਟਰ, ਫਾਇਰ ਫਾਈਟਿੰਗ, ਫਾਇਰ ਅਲਾਰਮਿੰਗ, ਲਿਫ਼ਟਾਂ, ਲੋਕਲ ਏਰੀਆ ਨੈੱਟਵਰਕ ਸਿਸਟਮ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।