ਜਗਰਾਉਂ ਨਗਰ ਕੌਂਸਲ ਪ੍ਰਧਾਨ ਨੂੰ ਅਹੁਦੇ ਤੋਂ ਮੁੜ ਹਟਾਇਆ
ਅਹੁਦੇ ਦੀ ਦੁਰਵਰਤੋਂ ਦਾ ਦੋਸ਼; ਰਾਣਾ ਵੱਲੋਂ ਹਾਈ ਕੋਰਟ ਜਾਣ ਦੀ ਤਿਆਰੀ
ਜਸਬੀਰ ਸਿੰਘ ਸ਼ੇਤਰਾ
ਕਾਂਗਰਸ ਨਾਲ ਸਬੰਧਤ ਜਗਰਾਉਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਮੁੜ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਉਨ੍ਹਾਂ ਦੀ ਬਹਾਲੀ ਹੋਈ ਸੀ। ਐਤਕੀਂ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਨੋਟੀਫਿਕੇਸ਼ਨ ਤਹਿਤ ਪੰਜਾਬ ਮਿਉਂਸਿਪਲ ਐਕਟ 1911 ਦੀ ਧਾਰਾ 22 ਅਧੀਨ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਰਾਣਾ ’ਤੇ ਆਪਣੀਆਂ ਸ਼ਕਤੀਆਂ ਦੀ ਗ਼ਲਤ ਵਰਤੋਂ, ਨਾਜਾਇਜ਼ ਉਸਾਰੀਆਂ ਰੋਕਣ ਲਈ ਕੋਈ ਕਾਰਵਾਈ ਨਾ ਕਰਨ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਲੱਗੇ ਹਨ। ਦੂਜੇ ਪਾਸੇ ਪ੍ਰਧਾਨਗੀ ਤੋਂ ਹਟਾਏ ਰਾਣਾ ਨੇ ਕਿਹਾ ਕਿ ਇਹ ਕਾਰਵਾਈ 22 ਮਈ ਦੀ ਪੁਰਾਣੀ ਸ਼ਿਕਾਇਤ ’ਤੇ ਹੋਈ ਹੈ। ਇਸ ਦਾ ਜਵਾਬ ਉਹ ਪਹਿਲਾਂ ਵੀ ਸਥਾਨਕ ਸਰਕਾਰਾਂ ਵਿਭਾਗ ਅਤੇ ਸਬੰਧਤ ਮੰਤਰੀ ਤੱਕ ਦੇ ਚੁੱਕੇ ਹਨ। ਉਦੋਂ ਇਹ ਸ਼ਿਕਾਇਤ ਦਫ਼ਤਰ ਦਾਖ਼ਲ ਹੋ ਗਈ ਸੀ ਪਰ ਹੁਣ ਮੁੜ ਕਥਿਤ ਸਿਆਸੀ ਕਿੜ੍ਹ ਕੱਢਣ ਲਈ ਉਸੇ ਪੁਰਾਣੀ ਸ਼ਿਕਾਇਤ ’ਤੇ ਦੁਬਾਰਾ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਰਾਹਤ ਲਈ ਮੁੜ ਹਾਈ ਕੋਰਟ ਦਾ ਬੂਹਾ ਖੜਕਾਉਣ ਸਬੰਧੀ ਵਿਚਾਰ ਕਰ ਰਹੇ ਹਨ। ਇਹ ਨੋਟੀਫਿਕੇਸ਼ਨ ਕਿਉਂਕਿ ਦੋ ਛੁੱਟੀਆਂ ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ, ਇਸ ਲਈ ਹੁਣ ਸੋਮਵਾਰ ਨੂੰ ਹੀ ਆਪਣੇ ਵਕੀਲ ਨਾਲ ਚਰਚਾ ਕਰਕੇ ਹਾਈ ਕੋਰਟ ਜਾਣ ਵਾਲਾ ਕਦਮ ਚੁੱਕਣਗੇ।

